ਸ਼ਹੀਦ-ਏ-ਆਜ਼ਮ ਦੇ ਜੱਦੀ ਘਰ ਦੇ ਬਾਹਰ ਪਾਰਕ ਵਿਚ ਹੋਵੇਗਾ ਰਾਜ ਪੱਧਰੀ ਸਮਾਗਮ

ਡਿਪਟੀ ਕਮਿਸ਼ਨਰ ਨੇ ਖਟਕੜ ਕਲਾਂ ਵਿਖੇ ਸਮਾਗਮ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਬੰਗਾ/ਨਵਾਂਸ਼ਹਿਰ, 19 ਮਾਰਚ : (ਸਭਿਆਚਾਰਕ ਪ੍ਰਤੀਨਿਧੀ) ਪੰਜਾਬ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ, ਖਟਕੜ ਕਲਾਂ ਵਿਖੇ 23 ਮਾਰਚ ਨੂੰ ਰਾਜ ਪੱਧਰੀ ਸਮਾਗਮ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਹ ਸਮਾਗਮ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਘਰ ਦੇ ਬਾਹਰ ਪਾਰਕ ਵਿਖੇ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਖਟਕੜ ਕਲਾਂ ਵਿਖੇ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਹੋਵੇਗਾ ਅਤੇ ਇਸ ਮੌਕੇ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਮਿਊਜ਼ੀਅਮ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਸੌਂਪੀਆਂ ਗਈਆਂ ਡਿਊਟੀਆਂ ਮਿਹਨਤ ਤੇ ਲਗਨ ਨਾਲ ਨਿਭਾਉਣ ਦੀ ਹਦਾਇਤ ਕੀਤੀ।  ਉਨ੍ਹਾਂ ਹਦਾਇਤ ਕੀਤੀ ਕਿ ਸਮਾਗਮ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਪੂਰੀ ਤਰਾਂ ਯਕੀਨੀ ਬਣਾਈ ਜਾਵੇ। ਇਸ ਦੌਰਾਨ ਉਨ੍ਹਾਂ ਸਟੇਜ, ਸ਼ਾਮਿਆਨੇ, ਬੈਠਣ ਦੇ ਪ੍ਰਬੰਧਾਂ, ਸ਼ਹੀਦਾਂ ਨੂੰ ਸ਼ਰਧਾਂਜਲੀ, ਸੁਰੱਖਿਆ, ਸਜਾਵਟ, ਰਿਫਰੈਸ਼ਮੈਂਟ, ਪੀਣ ਵਾਲੇ ਪਾਣੀ, ਹੱਥ ਧੋਣ ਦੇ ਪ੍ਰਬੰਧਾਂ, ਸੈਨੀਟਾਈਜ਼ੇਸ਼ਨ, ਨਿਰਵਿਘਨ ਬਿਜਲੀ ਸਪਲਾਈ, ਫਾਇਰ ਟੈਂਡਰ, ਸੱਭਿਆਚਾਰਕ ਪ੍ਰੋਗਰਾਮ, ਸਾਊਂਡ, ਸਵਾਗਤੀ ਗੇਟਾਂ, ਆਰਜ਼ੀ ਪਖਾਨਿਆਂ, ਪਾਰਕਿੰਗ, ਬੈਰੀਕੇਡਿੰਗ, ਸੁਚਾਰੂ ਟਰੈਫ਼ਿਕ ਵਿਵਸਥਾ, ਮੈਡੀਕਲ ਟੀਮਾਂ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਐੱਸ. ਡੀ. ਐਮ ਬੰਗਾ ਵਿਰਾਜੇ ਤਿੜਕੇ, ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਐਸ. ਪੀ ਵਜ਼ੀਰ ਸਿੰਘ ਖਹਿਰਾ, ਡੀ. ਐਸ. ਪੀ ਜੀ. ਪੀ. ਸਿੰਘ, ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ, ਨਾਇਬ ਤਹਿਸੀਲਦਾਰ ਕੁਲਵਰਨ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 
ਕੈਪਸ਼ਨ :- ਖਟਕੜ ਕਲਾਂ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। ਨਾਲ ਹਨ ਐਸ. ਪੀ ਵਜ਼ੀਰ ਸਿੰਘ ਖਹਿਰਾ, ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਸਹਾਇਕ ਕਮਿਸ਼ਨਰ ਦੀਪਜੋਤ ਕੌਰ, , ਡੀ. ਐਸ. ਪੀ  ਜੀ. ਪੀ ਸਿੰਘ ਅਤੇ ਹੋਰ।