18 ਮਾਰਚ ਦੀ ਸਰਕਾਰ ਨਾਲ ਮੀਟਿੰਗ ਵਿੱਚ ਸਿੱਟਾ ਨਾ ਨਿਕਲਣ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਕਰੇਗੀ ਤਿੱਖੇ ਐਕਸ਼ਨ-ਮਾਨ


ਨਵਾਂਸ਼ਹਿਰ 05 ਮਾਰਚ (ਐਨ ਟੀ ਟੀਮ) ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਦੀ ਇਕ ਅਹਿਮ ਮੀਟਿੰਗ ਗੁਰਦਿਆਲ ਮਾਨ ਜਿਲ੍ਹਾ ਕੰਨਵਨੀਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਸਥਾਨਿਕ ਆਈ ਟੀ ਆਈ ਵਿੱਚ ਹੋਈ।ਜਿਸ ਵਿਚ ਉਨ੍ਹਾਂ ਕਿਹਾ ਕਿ  ਕੈਪਟਨ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਕਿ  ਜੇਕਰ ਸਰਕਾਰ ਨੇ ਆਪਣੇ  ਕੀਤੇ ਗਏ ਵਾਅਦੇ ਅਨੁਸਾਰ 1-4-2004 ਤੋਂ ਬੰਦ ਪਈ ਪੁਰਾਣੀ ਪੈਨਸ਼ਨ ਦੀ ਬਹਾਲੀ ਸਬੰਧੀ ਕੋਈ ਸਾਰਥਕ ਹੱਲ ਪੰਜਾਬ ਸਰਕਾਰ ਨਾਲ ਹੋਣ ਵਾਲੀ 18 ਮਾਰਚ ਦੀ ਪ੍ਰਿੰਸੀਪਲ ਸੈਕਟਰੀ ਪੱਧਰ ਦੀ ਮੀਟਿੰਗ ਵਿਚ ਨਾ ਨਿਕਲਿਆ ਤਾਂ ਆਉਣ ਵਾਲੇ ਸਮੇਂ ਵਿਚ ਤਿੱਖੇ ਐਕਸ਼ਨ ਕੀਤੇ ਜਾਣਗੇ ਅਤੇ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ 21 ਮਾਰਚ ਤੋਂ ਜਬਰਦਸਤ ਘਿਰਾਓ ਕਰ ਵਾਅਦਾ ਯਾਦ ਕਰਵਾਓ ਪੱਤਰ ਦਿੱਤੇ ਜਾਣਗੇ । ਮਾਨ ਨੇ ਕਿਹਾ ਕਿ ਪੈਨਸ਼ਨ ਕਰਮਚਾਰੀਆਂ ਦਾ ਹੱਕ ਹੈ ਤੇ ਉਹ ਇਸ ਨੂੰ ਹਾਸਿਲ ਕਰਕੇ ਹੀ ਦਮ ਲੈਣਗੇ। ਉਨ੍ਹਾਂ  ਨੇ ਇਹ ਵੀ ਖੁਲਾਸਾ ਕੀਤਾ ਕਿ ਕੈਪਟਨ ਸਰਕਾਰ ਨੇ ਵਿਧਾਨ ਸਭਾ ਚੋਣਾਂ 2017 ਵਿੱਚ ਕਰਮਚਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਨ ਤੇ 2004 ਤੋ ਬਾਅਦ ਭਰਤੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ  ਪਰ ਚਾਰ ਸਾਲ ਬੀਤ ਜਾਣ ਦੇ ਬਾਅਦ ਵੀ ਵਾਅਦੇ ਨੂੰ ਬੂਰ ਨਹੀਂ ਪਿਆ। ਜਿਵੇਂ ਰਾਜ ਸਰਕਾਰ  ਸੈਂਟਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ,ਇਹ ਚੰਗੀ ਗੱਲ ਹੈ।ਪਰ ਇਸ ਦੇ ਨਾਲ ਹੀ ਕੈਪਟਨ ਸਰਕਾਰ ਨੂੰ  ਐਨ ਪੀ ਐੱਸ ਬਿੱਲ 2004, ਜੋ ਕਿ ਭਾਜਪਾ ਨੇ 2004 ਵਿਚ ਪਾਸ ਕੀਤਾ ਸੀ,ਨੂੰ ਵੀ ਪੰਜਾਬ ਸਟੇਟ ਵਿਚੋਂ ਖਤਮ ਕਰਕੇ ਸੈਂਟਰ ਦੀਆਂ ਮੁਲਾਜਮ ਮਾਰੂ ਨੀਤੀਆਂ ਖਿਲਾਫ਼ ਵਿਰੋਧ ਰਾਜ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਕੇ ਦੇਣਾ ਚਾਹੀਦਾ ਹੈ।  ਇਹ ਬਿੱਲ ਪੰਜਾਬ ਸਰਕਾਰ ਆਪਣੀ ਮਰਜੀ ਅਨੁਸਾਰ ਰੱਦ ਕਰ ਸਕਦੀ ਹੈ।ਸਹੀ ਅਰਥਾਂ ਵਿਚ ਜਦੋਂ ਪੰਜਾਬ ਸਰਕਾਰ ਜੇਕਰ ਐਨ ਪੀ ਐੱਸ 2004 ਨੂੰ ਸਟੇਟ ਵਿਚੋਂ ਰੱਦ ਕਰਕੇ ਪੁਰਾਣੀ ਪੈਨਸਨ ਦੀ ਬਹਾਲੀ ਕਰਦੀ ਹੈ ਤਾਂ ਹੀ ਆਪਣੇ ਆਪ ਨੂੰ ਲੋਕ ਹਿਤੈਸ਼ੀ ਸਿੱਧ ਕਰ ਸਕਦੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਹੁਣ ਦੇ ਬਜਟ ਸੈਸ਼ਨ ਵਿਚ ਐਨ ਪੀ ਐੱਸ ਦਾ ਭੋਗ ਪਾ ਕੇ ਪੁਰਾਣੀ ਪੈਨਸਨ ਬਹਾਲੀ ਕਰਕੇ ਪੰਜਾਬ ਦੇ ਦੋ ਲੱਖ ਕਰਮਚਾਰੀਆਂ ਦਾ ਵਿਸ਼ਵਾਸ਼ ਜਿੱਤ ਸਕਦੀ ਹੈ। ਪੱਛਮੀ ਬੰਗਾਲ ਜੇਕਰ ਆਪਣੇ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਦੇ ਸਕਦਾ ਹੈ ਤਾਂ ਪੰਜਾਬ ਵਰਗਾ ਖੁਸ਼ਹਾਲ  ਸੂਬਾ ਕਿਓ ਨਹੀਂ ਦੇ ਸਕਦਾ। ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ  ਕਿ ਜੇਕਰ ਸਰਕਾਰ ਨੇ ਬਜਟ ਸੈਸ਼ਨ ਦੌਰਾਨ ਪੁਰਾਣੀ ਪੈਨਸ਼ਨ ਦਾ ਮੁੱਦਾ ਗੰਭੀਰਤਾ ਨਾਲ ਨਹੀਂ ਵਿਚਾਰਿਆ ਤਾਂ ਪੰਜਾਬ ਦੇ ਲੱਖ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਕਰਮਚਾਰੀ ਵੱਡੇ ਇਕੱਠ ਕਰ ਵਿਧਾਇਕਾਂ ਨੂੰ ਘੇਰਨ ਲਈ ਮਜਬੂਰ ਹੋਣਗੇ,ਇਸ ਮੌਕੇ ਓਮਕਾਰ ਸ਼ੀਹਮਾਰ ਜਿਲ੍ਹਾ ਸਕੱਤਰ, ਨੀਲ ਕਮਲ,ਸਪਨਾ ਪਰਿਹਾਰ, ਜੋਤੀ ਵੈਦ, ਰਜਿੰਦਰ ਕੁਮਾਰ, ਜਸਵਿੰਦਰ ਕੁਮਾਰ, ਹਰਵਿੰਦਰ ਲਾਲ, ਰਣਜੀਤ ਵਰਮਾ, ਅਸ਼ੋਕ ਕੁਮਾਰ, ਸੁਰਿੰਦਰਜੀਤ ਸਿੰਘਾ ਅਤੇ ਪਰਮਿੰਦਰਜੀਤ ਵੀ ਮੌਜੂਦ ਸਨ।
ਕੈਪਸ਼ਨ:ਜਿਲ੍ਹਾ ਕੰਨਵੀਨਰ ਐਨ ਪੀ ਐਸ ਤੋਂ ਪੀੜਤ ਮੁਲਾਜਮਾਂ ਨੂੰ ਪ੍ਰੇਰਿਤ ਕਰਦੇ ਹੋਏ।