ਪਿੰਡ ਜੇਠੂ ਮਜਾਰਾ ਵਿਖੇ ਖੇਤੀ ਕਾਨੂੰਨਾਂ ਵਿਰੁੱਧ ਵਿਚ ਪਿੰਡ ਵਾਸੀਆਂ ਨੇ ਜਾਗੋ ਕੱਢੀ


ਨਵਾਂਸ਼ਹਿਰ 14 ਮਾਰਚ (ਬਿਊਰੋ) ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਜੇਠੂ ਮਜਾਰਾ ਵਿਖੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜਾਗੋ ਕੱਢੀ ਗਈ। ਔਰਤਾਂ ਦੀ ਅਗਵਾਈ ਵਿਚ ਕੱਢੀ ਗਈ ਇਹ ਜਾਗੋ ਪਿੰਡ ਦੇ ਚਾਰੇ ਪਾਸਿਓਂ ਲੰਘੀ। ਵੱਖ ਵੱਖ ਪੜਾਵਾਂ ਉੱਤੇ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜਸਬੀਰ ਦੀਪ ,ਪਰਮਜੀਤ ਸਿੰਘ ਸ਼ਹਾਬਪੁਰ, ਜਸਪਾਲ ਸਿੰਘ ਅਤੇ ਮਹਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਘੋਲ ਹੁਣ ਜਨ ਅੰਦੋਲਨ ਬਣ ਚੁੱਕਾ ਹੈ ਜਿਸ ਨੂੰ ਮੋਦੀ ਸਰਕਾਰ ਲਈ ਅਣਗੌਲਿਆਂ ਕਰਨਾ ਆਤਮਘਾਤੀ ਕਦਮ ਹੋਵੇਗਾ।ਉਹਨਾਂ ਮਜਦੂਰ ਵਰਗ ਨੂੰ ਇਸ ਘੋਲ ਵਿਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਕਾਨੂੰਨ ਸਿਰਫ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਇਹ ਮਜਦੂਰ ਵਰਗ ਅਤੇ ਮੱਧਵਰਗ ਲਈ ਵੀ ਘਾਤਕ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਆਉਂਦੇ ਹਰ ਸੱਦੇ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇ।ਉਹਨਾਂ ਆਖਿਆ ਕਿ ਦਿੱਲੀ ਦੇ ਮੋਰਚੇ ਨੂੰ ਤਕੜਾ ਕਰਨ ਲਈ ਦਿੱਲੀ ਵਲ ਵਹੀਰਾਂ ਘੱਤੀਆਂ ਜਾਣ।
ਕੈਪਸ਼ਨ:ਪਿੰਡ ਜੇਠੂ ਮਜਾਰਾ ਦੀਆਂ ਔਰਤਾਂ ਜਾਗੋ ਕੱਢਦੀਆਂ ਹੋਈਆਂ।