ਨਵਾਂਸ਼ਹਿਰ, 7 ਮਾਰਚ (ਬਿਊਰੋ)-ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਭਾਨ ਮਾਜਰਾ ਵਿਖੇ ਜਾਗੋ ਕੱਢੀ ਗਈ ਜਿਸ ਦੀ ਅਗਵਾਈ ਪਿੰਡ ਦੀਆਂ ਔਰਤਾਂ ਨੇ ਕੀਤੀ। ਇਸ ਜਾਗਮ ਰਾਹੀਂ ਲੋਕਾਂ ਨੂੰ ਦਿੱਲੀ ਦੇ ਕਿਸਾਨੀ ਮੋਰਚੇ ਨੂੰ ਤਕੜਾ ਕਰਨ ਲਈ ਦਿੱਲੀ ਵੱਲ ਵਹੀਰਾਂ ਘੱਤਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਆਗੂਆਂ ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ, ਮੱਖਣ ਸਿੰਘ ਭਾਨ ਮਜਾਰਾ, ਪਰਮਜੀਤ ਸਿੰਘ ਸ਼ਹਾਬਪੁਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਇਸ ਘੋਲ ਨੂੰ ਦੇਸ਼ ਦੇ ਦੂਜੇ ਸੂਬਿਆਂ ਵਿਚ ਤੇਜ਼ੀ ਨਾਲ ਫੈਲਾਉਣ ਲਈ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਆਗੂਆਂ ਨੇ ਹੋਰਨਾਂ ਰਾਜਾਂ ਵਿਚ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨਾਂ ਕਿਹਾ ਕਿ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਅਤੇ ਹੋਰ ਵਰਗਾਂ ਲਈ ਵੀ ਘਾਤਕ ਹਨ ਜਿਨਾਂ ਦਾ ਰੱਦ ਕਰਾਉਣਾ ਲਾਜ਼ਮੀ ਹੈ, ਕਿਰਤੀ ਕਿਸਾਨ ਯੂਨੀਅਨ ਪਿੰਡ-ਪਿੰਡ ਜਾਗੋਆਂ ਕੱਢ ਕੇ ਲੋਕਾਂ ਦੀ ਲਾਮਬੰਦੀ ਕਰ ਰਹੀ ਹੀ ਹੈ। ਇਸ ਜਾਗੋ ਮੌਕੇ ਕਮਲਜੀਤ ਕੌਰ, ਜਸਵੀਰ ਕੌਰ, ਮਨਜੀਤ ਕੌਰ ਅਤੇ ਪਰਮਜੀਤ ਸਿੰਘ ਨੇ ਵੀ ਸੰਬੋਧਨ ਕੀਤਾ।