ਹੁਣ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਦਿੱਤੀ ਜਾਏਗੀ ਕੋਵਿਡ-19 ਵੈਕਸੀਨ : ਡਾ ਗੁਰਦੀਪ ਸਿੰਘ ਕਪੂਰ

ਸਿਵਲ ਸਰਜਨ ਨੇ ਜ਼ਿਲ੍ਹੇ ਅੰਦਰ ਕੋਵਿਡ-19 ਕੇਸਾਂ ਦੀ ਗਿਣਤੀ ਵਧਣ 'ਤੇ ਲੋਕਾਂ ਨੂੰ ਕੀਤਾ ਸੁਚੇਤ
ਜ਼ਿਲਾ ਵਾਸੀ ਮਾਸਕ ਲਾਜ਼ਮੀ ਤੌਰ 'ਤੇ ਪਾ ਕੇ ਰੱਖਣ ਅਤੇ ਸਾਵਧਾਨੀਆਂ ਦੀ ਪਾਲਣਾ ਕਰਨ
ਨਵਾਂਸ਼ਹਿਰ, 28 ਮਾਰਚ 2021: ਮਾਣਯੋਗ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ ਗੁਰਦੀਪ ਸਿੰਘ ਕਪੂਰ ਨੇ ਕੋਵਿਡ-19 ਦੇ ਦਿਨੋ-ਦਿਨ ਵਧ ਰਹੇ ਕੇਸਾਂ ਉੱਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਵਾਸੀਆਂ ਨੂੰ ਹੋਰ ਸੁਚੇਤ ਹੋਣ ਦੀ ਲੋੜ ਹੈ ਅਤੇ ਮਾਸਕ ਲਾਜ਼ਮੀ ਤੌਰ 'ਤੇ ਪਹਿਨਣ ਤੋਂ ਇਲਾਵਾ ਦੂਸਰੀਆਂ ਸਾਵਧਾਨੀਆਂ ਅਪਣਾਉਣ ਦੀ ਜਰੂਰਤ ਹੈ। ਡਾ ਗੁਰਦੀਪ ਸਿੰਘ ਕਪੂਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਕੋਵਿਡ-19 ਕੇਸਾਂ ਅਤੇ ਮੌਤਾਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ। ਇਸ ਲਈ ਜ਼ਰੂਰਤ ਹੈ ਕਿ ਅਸੀਂ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰੀਏ। ਡਾ ਕਪੂਰ ਨੇ ਅੱਗੇ ਦੱਸਿਆ ਕਿ ਵੇਖਣ ਵਿਚ ਆਇਆ ਹੈ ਕਿ ਲੋਕਾਂ ਨੇ ਮਾਸਕ ਦੀ ਵਰਤੋਂ ਬਿਲਕੁੱਲ ਤਿਆਗ ਦਿੱਤੀ ਹੈ, ਜੋ ਬਿਮਾਰੀ ਦੇ ਵਧਣ ਦਾ ਮੁੱਖ ਕਾਰਨ ਬਣ ਰਹੀ ਹੈ। ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਪਹਿਲਾਂ ਸਿਹਤ ਵਿਭਾਗ ਨਾਲ ਸਹਿਯੋਗ ਕੀਤਾ ਸੀ ਤੇ ਜ਼ਿਲ੍ਹੇ ਅੰਦਰ ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿਚ ਯੋਗਦਾਨ ਪਾਇਆ ਸੀ, ਉਸੇ ਤਰ੍ਹਾਂ ਕੋਰੋਨਾ ਬਿਮਾਰੀ ਦੀ ਦੂਸਰੀ ਲਹਿਰ ਤੋਂ ਬਚਾਅ ਲਈ ਪੂਰਨ ਸਹਿਯੋਗ ਕਰਨ। ਮਾਸਕ ਲਾਜ਼ਮੀ ਤੌਰ ਉੱਤੇ ਪਹਿਨਿਆ ਜਾਵੇ। ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਤਾ ਜਾਵੇ। ਕੋਵਿਡ-19 ਟੀਕਾਕਰਨ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਹੁਣ 1 ਅਪ੍ਰੈਲ ਤੋਂ 45 ਸਾਲ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਵੈਕਸੀਨ ਦਿੱਤੀ ਜਾਏਗੀ। ਇਸ ਤੋਂ ਪਹਿਲਾਂ 45 ਸਾਲ ਤੋਂ ਵਧ ਉਮਰ ਦੇ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਹੀ ਮੁਫ਼ਤ ਵੈਕਸੀਨ ਦਿੱਤੀ ਜਾਂਦੀ ਸੀ।