ਬਗੈਰ ਮਾਸਕ ਤੋਂ ਘੁੰਮ ਰਹੇ 175 ਵਿਅਕਤੀਆਂ ਦੇ ਕੱਟੇ ਚਲਾਨ

ਕਰਫਿਊ ਦੀ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਖਿਲਾਫ਼ ਮੁਕੱਦਮੇ ਦਰਜ
ਨਵਾਂਸ਼ਹਿਰ, 19 ਮਾਰਚ : (ਬਿਊਰੋ) ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਆਦੇਸ਼ਾਂ ਅਨੁਸਾਰ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਲਗਾਏ ਗਏ ਰਾਤ ਦੇ ਕਰਫਿਊ ਸਬੰਧੀ ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲੇ ਵਿਚ ਅੱਜ ਦੋ ਵਿਅਕਤੀਆਂ ਖਿਲਾਫ਼ ਮੁਕੱਦਮੇ ਦਰਜ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਐਸ. ਪੀ ਹੈੱਡਕੁਆਰਟਰ ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਇਹ ਮੁਕੱਦਮੇ ਥਾਣਾ ਸਦਰ ਬੰਗਾ ਅਤੇ ਥਾਣਾ ਪੋਜੇਵਾਲ ਵਿਖੇ ਆਈ. ਪੀ. ਸੀ ਦੀ 1860 ਦੀ ਧਾਰਾ 188, 269, 270 ਅਤੇ ਐਪੀਡੈਮਿਕ ਡਿਸੀਜ਼ਿਜ਼ ਐਕਟ 1887 ਦੀ ਧਾਰਾ 3 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51 ਅਧੀਨ ਦਰਜ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲੇ ਵਿਚ ਬਗੈਰ ਮਾਸਕ ਘੁੰਮ ਰਹੇ ਵਿਅਕਤੀਆਂ ਦੇ ਅੱਜ 175 ਚਲਾਨ ਕੱਟੇ ਗਏ ਹਨ। ਉਨਾਂ ਕਿਹਾ ਕਿ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਜ਼ਿਲੇ ਵਿਚ ਜਾਰੀ ਹੁਕਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਕੋਵਿਡ ਨਿਯਮਾਂ ਦਾ ਪੂਰੀ ਤਰਾਂ ਪਾਲਣ ਕਰਨ, ਤਾਂ ਜੋ ਜ਼ਿਲੇ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ।