ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਜ਼ਿਲ੍ਹਾ ਵਾਸੀਆਂ ਲਈ ਵਰਦਾਨ: ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ

100 ਫੀਸਦੀ ਲਾਭਪਾਤਰੀਆਂ ਦੇ ਬਣਾਏ ਜਾਣਗੇ ਈ-ਕਾਰਡ
ਨਵਾਂਸ਼ਹਿਰ, 6 ਮਾਰਚ : (ਬਿਊਰੋ) ਮਾਣਯੋਗ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਜੀ ਦੀ ਯੋਗ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਨਗਰ ਵਿਚ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਈ-ਕਾਰਡ ਤੇਜ਼ੀ ਨਾਲ ਬਣਾਏ ਜਾ ਰਹੇ ਹਨ।  ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਨਵਾਂਸ਼ਹਿਰ, ਬਲਾਚੌਰ, ਬੰਗਾ, ਔੜ, ਕਟਵਾਰਾ, ਲੋਹਾਟ, ਰਾਹੋਂ, ਮਹਾਲੋਂ ਅਤੇ ਸਨਾਵਾ ਵਿਚ ਅੱਜ ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਣਾਏ ਗਏ। ਉਨ੍ਹਾਂ ਦੱਸਿਆ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਦੂਜੇ ਫੇਜ ਵਿਚ ਈ-ਕਾਰਡ ਬਣਾਉਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ, ਜਿਸ ਤਹਿਤ ਯੋਗ ਲਾਭਪਾਤਰੀਆਂ ਦੇ 100 ਫੀਸਦੀ ਈ-ਕਾਰਡ ਬਣਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭਪਾਤਰੀ ਦੇ ਪੂਰੇ ਪਰਿਵਾਰ ਦਾ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਵਿਚ ਸਾਲ 2011 ਵਿਚ ਕੀਤੇ ਗਏ ਸਮਾਜਿਕ-ਆਰਥਿਕ ਜਾਤੀ ਗਣਨਾ ਸਰਵੇ ਵਿਚ ਆਉਣ ਵਾਲੇ ਸਾਰੇ ਲਾਭਪਾਤਰੀ, ਨੀਲਾ ਕਾਰਡਧਾਰਕ, ਕਿਰਤ ਵਿਭਾਗ ਦੇ ਰਜਿਸਟਰਡ ਉਸਾਰੀ ਮਜ਼ਦੂਰ, ਪੰਜਾਬ ਮੰਡੀ ਬੋਰਡ ਨਾਲ ਰਜਿਸਟਰਡ ਕਿਸਾਨ ਅਤੇ ਛੋਟੇ ਵਪਾਰੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੂੰ ਸਾਲਾਨਾ 5 ਲੱਖ ਰੁਪਏ ਦਾ ਮੁਫਤ ਇਲਾਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਈ-ਕਾਰਡ ਬਣਾਉਣ ਲਈ ਮਾਮੂਲੀ ਫੀਸ ਲਈ ਜਾਂਦੀ ਹੈ। ਕਾਰਡ ਬਣਾਉਣ ਲਈ ਯੋਗ ਲਾਭਪਾਤਰੀ ਨੂੰ ਆਪਣਾ ਕੋਈ ਸ਼ਨਾਖਤੀ ਕਾਰਡ ਲੈ ਕੇ ਆਉਣਾ ਪਵੇਗਾ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਜਿੱਥੇ ਮਿਆਰੀ ਸਿਹਤ ਸਹੂਲਤਾ ਮੁਹੱਈਆ ਕਰਵਾਈਆ ਜਾ ਰਹੀਆਂ ਹਨ, ਉੱਥੇ ਲੋੜਵੰਦ ਲੋਕਾਂ ਦੀ ਸੁਵਿੱਧਾ ਲਈ ਚੱਲ ਰਹੀ ਸਰਬੱਤ ਸਿਹਤ ਬੀਮਾ ਯੋਜਨਾ ਵੱਡੇ ਪੱਧਰ 'ਤੇ ਲਾਹੇਵੰਦ ਸਾਬਿਤ ਹੋ ਰਹੀ ਹੈ। ਸਰਬੱਤ ਸਿਹਤ ਬੀਮਾ ਯੋਜਨਾ ਦਾ ਮੰਤਵ ਪੈਸੇ ਦੀ ਘਾਟ ਕਾਰਨ ਕੋਈ ਵੀ ਲੋੜਵੰਦ ਵਿਅਕਤੀ ਇਲਾਜ ਤੋਂ ਵਾਝਾਂ ਨਾ ਰਹੇ। ਡਾ ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲੇ ਦੇ ਲੋੜਵੰਦ ਲੋਕਾਂ ਨੂੰ ਕਰੋੜਾਂ ਰੁਪਏ ਦੀਆਂ ਮੁਫ਼ਤ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਡਾ. ਕਪੂਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਲਾਭਪਾਤਰੀਆਂ ਨੇ ਹਾਲੇ ਤੱਕ ਇਸ ਯੋਜਨਾ ਤਹਿਤ ਆਪਣਾ ਈ-ਕਾਰਡ ਨਹੀਂ ਬਣਵਾਇਆ, ਉਹ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸੇਸ਼ ਮੁਹਿੰਮ ਦੌਰਾਨ ਇਹ ਕਾਰਡ ਕਾਮਨ ਸਰਵਿਸ ਸੈਂਟਰ, ਸੇਵਾ ਕੇਂਦਰ ਜਾਂ ਪਿੰਡਾਂ ਵਿੱਚ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਤੋਂ ਜ਼ਰੂਰ ਬਣਵਾ ਲੈਣ।