ਸੰਯੁਕਤ ਕਿਸਾਨ ਮੋਰਚਾ 'ਤੇ ਟਰੇਡ ਯੂਨੀਅਨਾਂ ਨੇ ਖੇਤੀ ਅਤੇ ਕਿਰਤ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਨਵਾਂਸ਼ਹਿਰ 28 ਮਾਰਚ (ਬਿਊਰੋ) ਅੱਜ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਨੇ ਸਥਾਨਕ ਚੰਡੀਗੜ੍ਹ ਚੌਂਕ ਵਿਚ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਅਤੇ ਕਿਰਤ ਕਾਨੂੰਨਾਂ ਦੀ ਕਾਪੀਆਂ ਸਾੜੀਆਂ। ਇਸ ਮੌਕੇ ਸੰਬੋਧਨ ਕਰਦਿਆਂ ਸੁਤੰਤਰ ਕੁਮਾਰ, ਕੁਲਦੀਪ ਸਿੰਘ ਸੁੱਜੋਂ, ਬਿੱਲਾ ਗੁੱਜਰ, ਸੁਰਿੰਦਰ ਮੀਰਪੁਰੀ,ਜਰਨੈਲ ਸਿੰਘ ਜਾਫਰ ਪੁਰ,ਮੁਕੰਦ ਲਾਲ, ਸਤਨਾਮ ਸੁੱਜੋਂ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨ ਅਤੇ ਦੂਸਰੇ ਵਰਗ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਹਨ ਅਤੇ ਹਰ ਰੋਜ਼ ਮੋਦੀ ਸਰਕਾਰ ਦਾ ਜਾਬਰ ਅਤੇ ਲੋਕ ਵਿਰੋਧੀ ਚਿਹਰਾ ਸਾਹਮਣੇ ਆ ਰਿਹਾ ਹੈ। ਇਸ ਸੰਘਰਸ਼ ਪ੍ਰਤੀ ਸਰਕਾਰ ਵੱਲੋਂ ਅਪਣਾਏ ਰਵੱਈਏ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਸਿਰੇ ਦੀ ਲਾਪ੍ਰਵਾਹ ਸਰਕਾਰ ਹੈ ਜਿਸਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਪ੍ਰਵਾਹ ਨਹੀਂ ਹੈ।ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਿਰਤ ਕੋਡ ਮਜਦੂਰ ਵਰਗ ਦੇ ਹੱਕਾਂ ਉੱਤੇ ਡਾਕਾ ਮਾਰਨ ਲਈ ਲਿਆਂਦੇ ਗਏ ਹਨ। ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਹਰ ਰੋਜ਼ ਵਾਧਾ ਕਰਕੇ ਤੇਲ ਕੰਪਨੀਆਂ ਨੂੰ ਮੋਟਾ ਲਾਭ ਦਿੱਤਾ ਜਾ ਰਿਹਾ ਹੈ ਇਸ ਲੁੱਟ ਵਿਚ ਪੰਜਾਬ ਦੀ ਕੈਪਟਨ ਸਰਕਾਰ ਵੀ ਮੋਦੀ ਸਰਕਾਰ ਦਾ ਪੂਰਾ ਸਾਥ ਦੇ ਰਹੀ ਹੈ। ਕਰੋਨਾ ਦਾ ਡਰ ਦੇਕੇ ਲੋਕਾਂ ਨੂੰ ਘਰੀਂ ਬੰਦ ਕਰਨ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਆਗੂਆਂ ਨੇ ਕਿਹਾ ਕਿ ਲੋਕ ਇਹਨਾਂ ਸਰਕਾਰਾਂ ਦੇ ਲੁੱਟ, ਜਬਰ ਅਤੇ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕਰਦੇ ਰਹਿਣਗੇ ਅਤੇ ਸਰਕਾਰ ਨੂੰ ਇਹ ਲੋਕ ਵਿਰੋਧੀ ਕਾਨੂੰਨ ਵਾਪਸ ਲੈਣੇ ਹੀ ਪੈਣਗੇ।
ਕੈਪਸ਼ਨ:ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਵਰਕਰ।