ਨਵਾਂਸ਼ਹਿਰ 24 ਮਾਰਚ (ਬਿਊਰੋ) ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਦੇ ਦਿੱਤੇ ਗਏ ਬੰਦ ਦੇ ਸੱਦੇ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਸਫਲ ਕਰਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਲੰਗੜੋਆ ਬਾਈਪਾਸ ਉੱਤੇ ਸਾਰੇ ਦਿਨ ਦਾ ਜਾਮ ਲਗਾਇਆ ਜਾਵੇਗਾ। ਇਸ ਸਬੰਧੀ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਮੱਖਣ ਸਿੰਘ ਭਾਨ ਮਜਾਰਾ ਦੀ ਪ੍ਰਧਾਨਗੀ ਹੇਠ ਇੱਥੇ ਰਿਲਾਇੰਸ ਦੇ ਸੁਪਰ ਸਟੋਰ ਅੱਗੇ ਧਰਨਾ ਸਥਾਨ ਤੇ ਹੋਈ। ਜਿਸ ਵਿਚ ਇਸ ਬੰਦ ਨੂੰ ਸਫਲ ਕਰਨ ਲਈ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਲਾਈਆਂ ਗਈਆਂ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਪੱਤਰਕਾਰਾਂ ਨੂੰ ਦੱਸਿਆ 26 ਮਾਰਚ ਦਾ ਦੇਸ਼ ਵਿਆਪੀ ਬੰਦ ਮੋਦੀ ਸਰਕਾਰ ਨੂੰ ਹਿਲਾ ਕੇ ਰੱਖ ਦੇਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਉਰੇ ਕੁਝ ਵੀ ਮਨਜ਼ੂਰ ਨਹੀਂ। ਇਸ ਦਿਨ ਦੁਕਾਨਾਂ, ਕਾਰੋਬਾਰੀ ਅਦਾਰੇ, ਟਰਾਂਸਪੋਰਟ, ਫੈਕਟਰੀਆਂ, ਰੇਲਾਂ ਸਾਰਾ ਕੁਝ ਮੁਕੰਮਲ ਤੌਰ ਉੱਤੇ ਬੰਦ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵੇਰੇ 9 ਵਜੇ ਪਰਿਵਾਰਾਂ ਸਮੇਤ ਲੰਗੜੋਆ ਬਾਈਪਾਸ ਤੇ ਪਹੁੰਚਣ। ਉਨ੍ਹਾਂ ਦੱਸਿਆ ਕਿ ਚਾਹ ਅਤੇ ਲੰਗਰ ਸਾਰਾ ਦਿਨ ਚੱਲੇਗਾ। ਇਸ ਮੀਟਿੰਗ ਵਿਚ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ, ਕੁਲਵਿੰਦਰ ਸਿੰਘ ਵੜੈਚ, ਬੂਟਾ ਸਿੰਘ, ਅਵਤਾਰ ਸਿੰਘ ਕੱਟ, ਪਰਮਜੀਤ ਸਿੰਘ ਸ਼ਹਾਬਪੁਰ, ਰਾਜ ਕੁਮਾਰ, ਧਰਮਿੰਦਰ ਸਿੰਘ, ਸੁਰਿੰਦਰ ਸਿੰਘ ਮਹਿਰਮਪੁਰ, ਸੋਹਣ ਸਿੰਘ ਅਟਵਾਲ ਅਤੇ ਹੋਰ ਆਗੂ ਵੀ ਮੌਜੂਦ ਸਨ।
ਕੈਪਸ਼ਨ: ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਸਿੰਘ ਬੈਂਸ।
ਕੈਪਸ਼ਨ: ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਸਿੰਘ ਬੈਂਸ।