ਐਂਬੂਲੈਂਸ, ਐਮਰਜੈਂਸੀ ਸੇਵਾਵਾਂ ਅਤੇ ਹੋਲੇ ਮਹੱਲੇ ਦੇ ਸ਼ਰਧਾਲੂਆਂ ਨੂੰ ਜਾਮ ਵਿਚੋਂ ਰਸਤਾ ਦਿੱਤਾ ਜਾਵੇਗਾ
ਨਵਾਂਸ਼ਹਿਰ25 ਮਾਰਚ ( (ਵਿਸ਼ੇਸ਼ ਪ੍ਰਤੀਨਿਧੀ))ਸੰਯੁਕਤ ਕਿਸਾਨ ਮੋਰਚੇ ਵਲੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਪੂਰਨ ਤੌਰ ਉੱਤੇ ਬੰਦ ਕਰਨ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਇਸ ਸਬੰਧੀ ਅੱਜ ਇੱਥੇ ਜਾਣਕਾਰੀ ਦਿੰਦਿਆਂ ਮੋਰਚੇ ਦੇ ਆਗੂਆਂ ਸੁਤੰਤਰ ਕੁਮਾਰ, ਜਸਬੀਰ ਦੀਪ ਅਤੇ ਕੁਲਦੀਪ ਸਿੰਘ ਸੁੱਜੋਂ ਨੇ ਦੱਸਿਆ ਕਿ ਜਿਲੇ ਦੇ ਵਪਾਰ ਮੰਡਲ,ਟਰੱਕ ਯੂਨੀਅਨਾਂ, ਟੈਕਸੀ ਯੂਨੀਅਨਾਂ, ਆਟੋ ਯੂਨੀਅਨ, ਆੜ੍ਹਤੀ ਐਸੋਸੀਏਸ਼ਨਾਂ, ਭੱਠਾ ਵਰਕਰਾਂ ਅਤੇ ਮਾਲਕਾਂ, ਰੇਹੜੀ ਵਰਕਰਾਂ, ਰੋਡਵੇਜ ਵਰਕਰਾਂ, ਬੈਂਕ ਐਸੋਸੀਏਸ਼ਨਾਂ,ਮਜਦੂਰ ਜਥੇਬੰਦੀਆਂ, ਇਸਤਰੀ ਜਥੇਬੰਦੀਆਂ, ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਇਸ ਬੰਦ ਦਾ ਭਰਵਾਂ ਸਮਰਥਨ ਕੀਤਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਕਾਰਪੋਰੇਟਰਾਂ ਦੇ ਹਿੱਤ ਪੂਰਨ ਵਾਲੇ ਹਨ ਅਤੇ ਕਿਸਾਨਾਂ, ਮਜਦੂਰਾਂ, ਦੁਕਾਨਦਾਰਾਂ ਅਤੇ ਹੋਰ ਲੋਕਾਂ ਲਈ ਘਾਤਕ ਹਨ।ਉਹਨਾਂ ਕਿਹਾ ਕਿ ਮੌਜੂਦਾ ਕਿਸਾਨੀ ਘੋਲ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਹੀ ਪਵੇਗਾ ਅਤੇ ਇਹ ਕਾਨੂੰਨ ਰੱਦ ਕਰਨ ਲਈ ਮਜਬੂਰ ਹੋਣਾ ਪਵੇਗਾ। ਉਹਨਾਂ ਕਿਹਾ ਕਿ ਐਂਬੂਲੈਂਸ, ਐਮਰਜੈਂਸੀ ਸੇਵਾਵਾਂ ਅਤੇ ਹੋਲੇ ਮਹੱਲੇ ਦੇ ਸ਼ਰਧਾਲੂਆਂ ਨੂੰ ਜਾਮ ਵਿਚੋਂ ਰਸਤਾ ਦਿੱਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 26 ਮਾਰਚ ਨੂੰ ਸਵੇਰੇ ਠੀਕ 9 ਵਜੇ ਲੰਗੜੋਆ ਬਾਈਪਾਸ ਉੱਤੇ ਲਾਏ ਜਾ ਰਹੇ ਜਾਮ ਵਿਚ ਪਰਿਵਾਰਾਂ ਸਮੇਤ ਸ਼ਾਮਲ ਹੋਣ। ਇਸ ਮੌਕੇ ਸਤਨਾਮ ਸਿੰਘ ਗੁਲਾਟੀ, ਬਲਜਿੰਦਰ ਸਿੰਘ ਭੰਗਲ, ਮੁਕੰਦ ਲਾਲ, ਅਸ਼ੋਕ ਕੁਮਾਰ, ਸਤਨਾਮ ਸਿੰਘ ਸੁੱਜੋਂ ਮੋਰਚੇ ਦੇ ਆਗੂ ਵੀ ਮੌਜੂਦ ਸਨ।
ਕੈਪਸ਼ਨ:ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਾਣਕਾਰੀ ਦਿੰਦੇ ਹੋਏ।