ਇਫਟੂ ਵਲੋਂ ਅੱਜ ਮਨਾਇਆ ਜਾਵੇਗਾ ਕਾਲਾ ਦਿਵਸ

ਨਵਾਂਸ਼ਹਿਰ ਵਿਚ ਕੀਤਾ ਜਾਵੇਗਾ ਕਾਲੇ ਝੰਡਿਆਂ ਨਾਲ ਮੁਜਾਹਰਾ
ਨਵਾਂਸ਼ਹਿਰ 31 ਮਾਰਚ (ਵਿਸ਼ੇਸ਼ ਪ੍ਰਤੀਨਿਧੀ) ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ)ਦੀ ਕੌਮੀ ਕਮੇਟੀ ਦੇ ਸੱਦੇ ਉੱਤੇ  ਮੋਦੀ ਸਰਕਾਰ ਵੱਲੋਂ ਪਹਿਲੀ ਅਪ੍ਰੈਲ 2021 ਤੋਂ ਲਾਗੂ ਕੀਤੇ ਜਾ ਰਹੇ ਮਜਦੂਰ ਵਿਰੋਧੀ ਚਾਰ ਕਿਰਤ ਕੋਡਜ਼,12ਘੰਟੇ ਦੀ ਕੀਤੀ ਜਾ ਰਹੀ ਦਿਹਾੜੀ, ਜਨਤਕ ਖੇਤਰ ਦੇ ਅਦਾਰੇ ਏਅਰ ਇੰਡੀਆ, ਰੇਲਵੇ, ਕੋਲੇ ਦੀਆਂ ਖਾਨਾ, ਬੈਂਕ ਅਤੇ ਹੋਰ ਜਾਇਦਾਦਾਂ ਨਿਜੀ ਕੰਪਨੀਆਂ ਦੇ ਹਵਾਲੇ ਕਰਨ ਦੇ ਵਿਰੋਧ ਵਿਚ ਪੰਜਾਬ ਭਰ ਵਿਚ 1ਅਪ੍ਰੈਲ ਨੂੰ ਕਾਲਾ ਦਿਵਸ ਵਜੋਂ ਮਨਾਇਆ ਜਾਵੇਗਾ।ਇੱਥੇ ਯੂਨੀਅਨ ਦੀ ਜਿਲਾ ਕਮੇਟੀ ਦੀ ਹੋਈ ਮੀਟਿੰਗ ਉਪਰੰਤ ਇਹ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਸੂਬਾਈ ਸਕੱਤਰ ਅਵਤਾਰ ਸਿੰਘ ਤਾਰੀ ਨੇ ਦੱਸਿਆ ਕਿ 11ਵਜੇ ਤੋਂ 12ਵਜੇ ਤੱਕ ਬੱਸ ਅੱਡਾ ਨਵਾਂਸ਼ਹਿਰ ਵਿਖੇ ਰੈਲੀ ਕਰਨ ਉਪ੍ਰੰਤ ਸ਼ਹਿਰ ਵਿਚ ਕਾਲੇ ਝੰਡਿਆਂ ਨਾਲ ਸ਼ਹਿਰ ਵਿਚ ਮੋਦੀ ਸਰਕਾਰ ਵਿਰੁੱਧ ਮੁਜਾਹਰਾ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਮੋਦੀ ਸਰਕਾਰ ਮਜਦੂਰ ਵਰਗ ਦੇ ਸੰਵਿਧਾਨਕ ਅਤੇ ਜਮਹੂਰੀ ਹੱਕ ਖੋਹ ਰਹੀ ਹੈ।ਸਦੀਆਂ ਤੱਕ ਸੰਘਰਸ਼ ਕਰਕੇ ਮਜਦੂਰ ਵਰਗ ਵਲੋਂ ਹਾਸਲ ਕੀਤੇ ਹੱਕਾਂ ਨੂੰ ਖੋਹ ਕੇ ਇਸਦੀ ਥਾਂ ਉੱਤੇ ਪੂੰਜੀਪਤੀਆਂ ਪੱਖੀ ਚਾਰ ਕਿਰਤ ਕੋਡ ਲਾਗੂ ਕਰ ਰਹੀ ਹੈ ਜਿਸ ਕਾਰਨ ਮਜਦੂਰਾਂ ਵਿਚ ਮੋਦੀ ਸਰਕਾਰ ਵਿਰੁੱਧ ਤਿੱਖਾ ਰੋਹ ਹੈ। ਇਸ ਮੌਕੇ ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਨਿਰਮਲ ਸਿੰਘ ਜੰਡੀ, ਅਮਰਨਾਥ,ਆਜਾਦ, ਭੱਠਾ ਵਰਕਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ,ਪ੍ਰਵਾਸੀ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਪ੍ਰਵੀਨ ਕੁਮਾਰ ਨਿਰਾਲਾ, ਰੇਹੜੀ ਵਰਕਰਜ਼ ਯੂਨੀਅਨ ਦੇ ਸਕੱਤਰ ਹਰੀ ਰਾਮ, ਪੇਂਡੂ ਮਜਦੂਰ ਯੂਨੀਅਨ ਦੇ ਆਗੂ ਸੁਰਿੰਦਰ ਮੀਰਪੁਰੀ ਵੀ ਮੌਜੂਦ ਸਨ।