ਨਵਾਂਸ਼ਹਿਰ 21ਮਾਰਚ (ਵਿਸ਼ੇਸ਼ ਪ੍ਰਤੀਨਿਧੀ) ਕਿਰਤੀ ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ, ਬਿਜਲੀ ਬਿੱਲ-2020 ਰੱਦ ਕਰਨ ਦੀ ਮੰਗ ਨੂੰ ਲੈ ਕੇ ਨਵਾਂਸ਼ਹਿਰ ਵਿਖੇ ਰਿਲਾਇੰਸ ਕੰਪਨੀ ਦੇ ਸੁਪਰ ਸਟੋਰ 'ਤੇ ਚਲਾਇਆ ਜਾ ਰਿਹਾ ਦਿਨ ਰਾਤ ਦਾ ਧਰਨਾ 156ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਵੱਲੋਂ ਇਹ ਧਰਨਾ 15 ਅਕਤੂਬਰ2020 ਤੋਂ ਸ਼ੁਰੂ ਕੀਤਾ ਗਿਆ ਸੀ ਇਹ ਧਰਨਾ ਜ਼ਿਲ੍ਹੇ ਦੀਆਂ ਸਰਗਰਮੀਆਂ ਦਾ ਕੇਂਦਰ ਬਣਿਆ ਹੋਇਆ ਹੈ। ਸੰਯੁਕਤ ਮੋਰਚਾ ਦਿੱਲੀ ਦੇ ਸਾਰੇ ਸੱਦਿਆਂ ਨੂੰ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨਾਲ ਲਾਗੂ ਕੀਤਾ ਗਿਆ। ਟਰੈਕਟਰ ਮਾਰਚ ਕੱਢੇ ਗਏ, ਭਾਜਪਾ ਆਗੂਆਂ ਦੇ ਘਿਰਾਓ ਕੀਤੇ ਗਏ, ਮੋਮਬੱਤੀ ਮਾਰਚ ਕੱਢੇ ਗਏ, ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ, ਪ੍ਰਧਾਨ ਮੰਤਰੀ, ਮੰਤਰੀਆਂ, ਅੰਡਾਨੀ, ਅੰਬਾਨੀਆਂ ਦੇ ਪੁਤਲੇ ਫੂਕੇ ਗਏ ਅਤੇ ਭਾਜਪਾ ਆਗੂਆਂ ਦੇ ਪੁਤਲੇ ਫੂਕੇ ਗਏ।10 ਦਸੰਬਰ ਨੂੰ ਰਿਲਾਇੰਸ ਸਟੋਰ ਅੱਗੇ ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਅਧਿਕਾਰ ਸਭਾ ਨੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ। ਇਸ ਧਰਨੇ ਵਿਚ ਕਵੀ ਦਰਬਾਰ ਕਰਵਾਇਆ, ਡਾਕਟਰ ਸਾਹਿਬ ਸਿੰਘ ਅਤੇ ਬੀਬਾ ਕੁਲਵੰਤ ਦੀਆਂ ਟੀਮਾਂ ਦੇ ਨਾਟਕ ਕਰਵਾਏ। 30ਦਸੰਬਰ ਨੂੰ ਧਰਨਾ ਸਥਾਨ ਉੱਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ। 31 ਦਸੰਬਰ ਨੂੰ ਮੋਮਬੱਤੀ ਮਾਰਚ ਕੀਤਾ ਗਿਆ। 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। 18 ਜਨਵਰੀ ਨੂੰ ਔਰਤ ਕਿਸਾਨ ਦਿਵਸ ਮਨਾਇਆ ਗਿਆ। 30ਜਨਵਰੀ ਨੂੰ ਦਿੱਲੀ ਦੀਆਂ ਜੇਲ੍ਹਾਂ ਵਿਚ ਬੰਦ ਨੌਜਵਾਨਾਂ, ਕਿਸਾਨਾਂ ਦੀ ਰਿਹਾਈ ਲਈ ਅਤੇ ਪੁਲਸ ਕੇਸ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਾਨਫ਼ਰੰਸ ਅਤੇ ਮੁਜ਼ਾਹਰਾ ਕੀਤਾ ਗਿਆ। 11 ਫਰਵਰੀ ਨੂੰ ਮਜ਼ਦੂਰ ਆਗੂ ਨੌਦੀਪ ਕੌਰ ਅਤੇ ਉਸ ਦੇ ਸਾਥੀਆਂ ਦੀ ਰਿਹਾਈ ਲਈ, ਉਸੇ ਰਵੀ ਦੀ ਰਿਹਾਈ ਲਈ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ। 24ਫਰਵਰੀ ਨੂੰ ਦਿੱਲੀ ਦੀਆਂ ਜਿਹਲਾਂ ਵਿਚ ਬੰਦ ਨੌਜਵਾਨਾਂ ਅਤੇ ਕਿਸਾਨਾਂ ਦੀ ਰਿਹਾਈ ਲਈ ਨਵਾਂਸ਼ਹਿਰ ਵਿਚ ਕਾਨਫ਼ਰੰਸ ਅਤੇ ਮੁਜ਼ਾਹਰਾ ਕੀਤਾ ਗਿਆ। 27ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। 8 ਮਾਰਚ ਨੂੰ ਇਸ ਧਰਨਾ ਸਥਾਨ ਉੱਤੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਕੌਮਾਂਤਰੀ ਇਸਤਰੀ ਦਿਵਸ ਮਨਾਇਆ ਗਿਆ। ਜ਼ਿਲ੍ਹੇ ਦੇ ਸੰਘਰਸ਼ਾਂ ਦੇ ਇਸ ਕੇਂਦਰ ਤੇ ਦਿੱਲੀ ਨੂੰ ਜਾਣ ਵਾਲੇ ਟਰੈਕਟਰ-ਟਰਾਲੀਆਂ ਅਤੇ ਹੋਰ ਗੱਡੀਆਂ ਰਜਿਸਟਰ ਵਿਚ ਆਪਣੀ ਐਂਟਰੀ ਕਰਵਾ ਕੇ ਜਾਂਦੀਆਂ ਹਨ। ਇੱਥੇ ਪੰਡਾਲ ਨੂੰ ਕਿਸਾਨੀ ਸੰਘਰਸ਼ ਨਾਲ ਸਬੰਧਿਤ ਮਾਟੋਆਂ ਅਤੇ ਤਸਵੀਰਾਂ ਨਾਲ ਸਜਾਇਆ ਹੋਇਆ ਹੈ। ਸੰਘਰਸ਼ ਨਾਲ ਸਬੰਧਿਤ ਟੂਕਾਂ ਵਾਲੇ ਫਲੈਕਸ ਲਾਏ ਹੋਏ ਹਨ। ਧਰਨਾਕਾਰੀਆਂ ਨੇ ਇੱਥੇ ਟਰਾਲੀ ਨੂੰ ਹੀ ਆਪਣਾ ਘਰ ਬਣਾਇਆ ਹੋਇਆ ਹੈ। ਚਾਹ ਅਤੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਹੈ। ਅਲਾਚੌਰ ਦੇ ਸਰਪੰਚ ਸ਼ਿੰਗਾਰਾ ਸਿੰਘ ਵੱਲੋਂ ਪਾਣੀ ਦਾ ਵੱਡਾ ਟੈਂਕਰ ਪਾਣੀ ਦੀ ਸੇਵਾ ਲਈ ਇੱਥੇ ਖੜਾ ਕੀਤਾ ਗਿਆ ਹੈ।ਨਵਾਂਸ਼ਹਿਰ ਅਤੇ ਪਿੰਡਾਂ ਦੇ ਲੋਕ ਇੱਥੇ ਆਕੇ ਬੈਠਦੇ ਹਨ ਅਤੇ ਕਿਸਾਨੀ ਸੰਘਰਸ਼ ਦੀ ਜਾਣਕਾਰੀ ਲੈਂਦੇ ਦਿੰਦੇ ਹਨ। ਸੰਘਰਸ਼ਾਂ ਦੀ ਰੂਪ ਰੇਖਾ ਘੜੀ ਜਾਂਦੀ ਹੈ। ਇਹ ਕੇਂਦਰ ਸੰਘਰਸ਼ਸ਼ੀਲ ਚੇਤਨਤਾ ਦਾ ਕੇਂਦਰ ਬਣ ਚੁੱਕਾ ਹੈ।