ਨਵਾਂਸ਼ਹਿਰ 30 ਮਾਰਚ (ਵਿਸ਼ੇਸ਼ ਪ੍ਰਤੀਨਿਧੀ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨਗੀ ਮੰਡਲ ਦੀ ਵਰਚੂਅਲ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨਗੀ ਮੰਡਲ ਨੇ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ 30 ਦਿਨ ਦੀ ਕੁਆਰਨਟਾਈਨ ਲੀਵ ਲਈ ਜਾਰੀ ਕੀਤੇ ਪੱਤਰ ਨੂੰ ਸਿੱਖਿਆ ਵਿਭਾਗ ਵੱਲੋਂ ਲਾਗੂ ਨਾ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਉਨ੍ਹਾਂ ਮੁਲਾਜ਼ਮਾਂ ਜੋ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਦਫ਼ਤਰ ਨਾ ਜਾ ਸਕਣ ਜਾਂ ਉਨ੍ਹਾਂ ਦੀ ਰਿਹਾਇਸ਼ ਕੰਟੋਨਮੈਂਟ ਜ਼ੋਨ ਜਾਂ ਬਫਰ ਜ਼ੋਨ ਵਿਚ ਹੋਣ ਤੇ ਪੱਤਰ ਨੰ: 12/07/2020-4PP2/224 ਮਿਤੀ 04/05/2020 ਰਾਹੀਂ ਸਿਵਲ ਸਰਵਿਸਿਜ਼ ਰੂਲਜ਼ ਅਨੁਸਾਰ ਵੱਧ ਤੋਂ ਵੱਧ 30 ਦਿਨ ਦੀ ਕੁਆਰਨਟਾਈਨ ਲੀਵ ਦੇਣ, 30 ਦਿਨ ਦੀ ਕੁਆਰਨਟਾਈਨ ਲੀਵ ਤੋਂ ਬਾਅਦ ਵੀ ਜੇ ਮੁਲਾਜ਼ਮ ਡਿਊਟੀ ਤੇ ਹਾਜ਼ਰ ਹੋਣ ਦੇ ਸਮਰੱਥ ਨਾ ਹੋਵੇ ਤਾਂ ਉਸ ਨੂੰ ਆਮ ਛੁੱਟੀ ਦੇਣ ਦੀ ਵਿਵਸਥਾ ਕੀਤੀ ਗਈ ਹੈ। ਪਰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਉਪਰੋਕਤ ਸਪੱਸ਼ਟ ਪੱਤਰ ਲਾਗੂ ਕਰਕੇ ਕੋਰੋਨਾ ਨਾਲ ਪੀੜਤ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ 30 ਦਿਨ ਦੀ ਕੁਆਰਨਟਾਈਨ ਲੀਵ ਦੇਣ ਦੀ ਬਜਾਏ ਉਨ੍ਹਾਂ ਦੀਆਂ ਕਮਾਈ ਛੁੱਟੀਆਂ ਕੱਟੀਆਂ ਜਾ ਰਹੀਆਂ ਹਨ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਇਸ ਤੇ ਇਤਰਾਜ਼ ਉਠਾਉਣ ਤੇ ਸਕੱਤਰ, ਸਕੂਲ ਸਿੱਖਿਆ ਵਿਭਾਗ ਵੱਲੋਂ ਸਕੱਤਰ, ਪ੍ਰਸੋਨਲ ਵਿਭਾਗ, ਪੰਜਾਬ ਤੋਂ ਸਪੱਸ਼ਟੀਕਰਨ ਲੈਣ ਲਈ ਮੀਮੋ ਨੰ: ਡਿਪਟੀ ਐਸ.ਪੀ.ਡੀ/ ਪਲਾਨ/2020/328340 ਮਿਤੀ: 15-12-2020 ਰਾਹੀਂ ਬੇਨਤੀ ਕੀਤੀ ਗਈ ਹੈ ਕਿ "ਕੀ ਠੇਕਾ ਆਧਾਰ ਅਤੇ ਆਊਟਸੋਰਸ ਕਰਮਚਾਰੀਆਂ ਨੂੰ ਵੀ ਕੁਆਰਨਟਾਈਨ ਲੀਵ ਦਿੱਤੀ ਜਾਣੀ ਹੈ ਜੇ ਕਰ ਦਿੱਤੀ ਜਾਣੀ ਹੈ ਤਾਂ ਕੀ ਇਹ ਛੁੱਟੀ ਤਨਖਾਹ ਸਮੇਤ ਹੋਵੇਗੀ ਜਾਂ ਬਿਨਾ ਤਨਖਾਹ ਤੋਂ ਹੋਵੇਗੀ। ਨਾਲ ਹੀ ਸਪੱਸ਼ਟ ਕੀਤਾ ਜਾਵੇ ਕਿ ਕੀ ਜੇਕਰ ਕਿਸੇ ਕਰਮਚਾਰੀ ਦੇ ਘਰ ਵਿੱਚ ਕੋਈ ਪਰਿਵਾਰ ਦਾ ਮੈੰਬਰ ਕੋਵਿਡ ਟੈਸਟ ਕਰਨ ਤੇ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਕੀ ਇਹ ਛੁੱਟੀ ਉਸ ਨੂੰ ਵੀ ਦਿੱਤੀ ਜਾਣੀ ਹੈ ਜਾਂ ਨਹੀਂ।" ਪ੍ਰਸੋਨਲ ਵਿਭਾਗ ਦਾ ਉਪਰੋਕਤ ਪੱਤਰ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਦੇ ਸਾਰੇ ਮੁਲਾਜ਼ਮਾਂ ਲਈ ਜਾਰੀ ਕੀਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਠੇਕਾ ਆਧਾਰਿਤ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਕੁਆਰਨਟਾਈਨ ਲੀਵ ਦੇਣ ਅਤੇ ਮੁਲਾਜ਼ਮ ਦੇ ਪਰਿਵਾਰ ਦੇ ਕਿਸੇ ਮੈਂਬਰ ਦੇ ਪਾਜ਼ੇਟਿਵ ਆਉਣ ਤੇ ਇਹ ਛੁੱਟੀ ਦੇਣ ਸਬੰਧੀ ਸਪੱਸ਼ਟੀਕਰਨ ਮੰਗਣਾ ਕੋਵਿਡ - 19 ਦੀ ਮਹਾਂਮਾਰੀ ਦੌਰਾਨ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਇਹ ਸਹੂਲਤ ਨਾ ਦੇਣ ਦੇ ਬਹਾਨੇ ਲਈ ਉਚਿੱਤ ਨਹੀਂ ਹੈ। ਕਿਉਂਕਿ ਕੋਰੋਨਾ ਪੀੜਤ ਠੇਕਾ ਆਧਾਰਤ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਛੱਡ ਕੇ ਵੀ ਸਿੱਖਿਆ ਵਿਭਾਗ ਦੇ ਰੈਗੂਲਰ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਕੁਆਰਨਟਾਈਨ ਲੀਵ ਦੇਣ ਦੀ ਬਜਾਏ ਉਨ੍ਹਾਂ ਦੀਆਂ ਕਮਾਈ ਛੁੱਟੀਆਂ ਕੱਟੀਆਂ ਜਾ ਰਹੀਆਂ ਹਨ। ਜੀ.ਟੀ.ਯੂ ਦੇ ਪ੍ਰਧਾਨਗੀ ਮੰਡਲ ਨੇ ਕੋਰੋਨਾ ਮਹਾਂਵਾਰੀ ਦੌਰਾਨ ਕੁਆਰਨਟਾਈਨ ਲੀਵ ਸਮੇਤ ਬਣਦੀਆਂ ਸਹੂਲਤਾਂ ਦੇਣ ਦੀ ਮੰਗ ਕੀਤੀ। ਮੀਟਿੰਗ ਵਿੱਚ ਮੰਗਲ ਟਾਂਡਾ, ਸੁਰਜੀਤ ਸਿੰਘ ਮੋਹਾਲੀ, ਕੁਲਦੀਪ ਪੁਰੋਵਾਲ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਬਲਵਿੰਦਰ ਭੁੱਟੋ, ਜੱਜਪਾਲ ਬਾਜੇ ਕੇ, ਸੰਦੀਪ ਰਾਜਪੁਰਾ, ਸੁੱਚਾ ਸਿੰਘ, ਨੀਰਜ ਯਾਦਵ ਆਦਿ ਸ਼ਾਮਲ ਸਨ।