ਸਿੱਖਿਆਵਿਭਾਗ ਨੇ ਆਪਣੀਆਂ ਪ੍ਰਾਪਤੀਆਂ ਦੇ ਪ੍ਰਸਾਰ ਲਈ ਕੀਤੀ ਟੀਮ ਸੰਗਠਿਤ

ਪਟਿਆਲਾ 31 ਮਾਰਚ:   ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਦੇ ਖੇਤਰ 'ਚ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਮਨਸੂਬੇ ਨਾਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਹਰੇਕ ਜਿਲ੍ਹੇ 'ਚ ਟੀਮਾਂ ਦਾ ਸੰਗਠਨ ਕੀਤਾ ਹੈ। ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਦੀ ਅਗਵਾਈ 'ਚ ਜਿਲ੍ਹੇ ਦੇ ਹਰੇਕ ਸਰਕਾਰੀ ਸੀਨੀਅਰ ਸੈਕੰਡਰੀ ਤੇ ਹਾਈ ਸਕੂਲ 'ਚ ਮੀਡੀਆ ਇੰਚਾਰਜ ਦੀ ਨਿਯੁਕਤੀ ਕੀਤੀ ਹੈ। ਇਨ੍ਹਾਂ ਨਵਨਿਯੁਕਤ ਸਕੂਲ ਮੀਡੀਆ ਇੰਚਾਰਜਾਂ ਦੀ ਸਿਖਲਾਈ ਵਰਕਸ਼ਾਪ ਇੱਥੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਲਗਾਈ ਗਈ। ਜਿਸ ਦੌਰਾਨ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਖਵਿੰਦਰ ਕੁਮਾਰ ਖੋਸਲਾ ਉਚੇਚੇ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਆਪਣੇ ਸੰਬੋਧਨ 'ਚ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ 'ਚ ਇਸ ਸਮੇਂ ਸਰਕਾਰੀ ਸਕੂਲ ਪੂਰੀ ਤਰ੍ਹਾਂ ਸਮੇਂ ਦੇ ਹਾਣ ਦੇ ਹੋ ਚੁੱਕੇ ਹਨ। ਇਨ੍ਹਾਂ ਸਕੂਲਾਂ 'ਚ ਸਥਾਪਤ ਹੋ ਚੁੱਕੀਆਂ ਆਧੁਨਿਕ ਸਹੂਲਤਾਂ ਤੇ ਸਰਗਰਮੀਆਂ ਦਾ ਪ੍ਰਚਾਰ ਕਰਨਾ ਸਮੇਂ ਦੀ ਮੰਗ ਹੈ। ਜਿਸ ਲਈ ਵਿਭਾਗ ਵੱਲੋਂ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਜਿਸ ਦੀ ਜਿੰਮੇਵਾਰੀ ਵਿਭਾਗ ਦੀਆਂ ਪ੍ਰਾਪਤੀਆਂ, ਸਹੂਲਤਾਂ ਤੇ ਸਰਗਰਮੀਆਂ ਦਾ ਮੀਡੀਆ ਦੇ ਵੱਖ-ਵੱਖ ਸਾਧਨਾਂ ਰਾਹੀਂ ਪ੍ਰਚਾਰ ਕਰਨਾ ਹੈ। ਮੇਜ਼ਬਾਨ ਸਕੂਲ ਦੇ ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨੇ ਅਜੋਕੇ ਯੁੱਗ ਵਿੱਚ ਮੀਡੀਆ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ ਅਤੇ ਮੁਕਾਬਲੇਬਾਜ਼ੀ ਦੇ ਯੁੱਗ 'ਚ ਮੀਡੀਆ ਰਾਹੀਂ ਸਰਕਾਰੀ ਸਕੂਲਾਂ ਦਾ ਪ੍ਰਚਾਰ ਕਰਨ 'ਤੇ ਜ਼ੋਰ ਦਿੱਤਾ। ਇਸ ਮੌਕੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਪ੍ਰਚਾਰ ਕਰਨ ਬਾਰੇ ਸਕੂਲ ਮੀਡੀਆ ਇੰਚਾਰਜਾਂ ਨੂੰ ਵਿਸਥਾਰ 'ਚ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਫਲੈਕਸਾਂ, ਪੋਸਟਰਾਂ, ਪੈਫਲਿਟਾਂ ਤੇ ਸਪੀਕਰਾਂ ਰਾਹੀਂ ਵਿਭਾਗ ਦੇ ਪ੍ਰਚਾਰ ਦੀਆਂ ਤਰਕੀਬਾਂ ਵੀ ਦੱਸੀਆਂ। ਜਿਲ੍ਹਾ ਸੋਸ਼ਲ ਮੀਡੀਆ ਕੋਆਰਡੀਨੇਟਰ ਪਰਮਿੰਦਰ ਸਿੰਘ ਸਰਾਂ ਨੇ ਸੋਸ਼ਲ ਮੀਡੀਆ ਰਾਹੀਂ ਸਕੂਲ ਸਿੱਖਿਆ ਵਿਭਾਗ ਦੇ ਉਪਰਾਲਿਆਂ ਨੂੰ ਪ੍ਰਚਾਰਨ ਦੀਆਂ ਤਰਕੀਬਾਂ ਦੱਸੀਆਂ।ਤਸਵੀਰ:- ਡਿਪਟੀ ਡੀ.ਈ.ਓ. (ਸੈ.ਸਿੱ.) ਸੁਖਵਿੰਦਰ ਕੁਮਾਰ ਖੋਸਲਾ ਸਕੂਲ ਮੀਡੀਆ ਇੰਚਾਰਜਾਂ ਨੂੰ ਸੰਬੋਧਨ ਕਰਦੇ ਹੋਏ।