ਨਵਾਂਸ਼ਹਿਰ 22ਮਾਰਚ (ਵਿਸ਼ੇਸ਼ ਪ੍ਰਤੀਨਿਧੀ) ਧੰਨ ਧੰਨ ਸਾਹਿਬ ਸਤਿਗੁਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਅਤੇ ਗੁਰਦੁਆਰਾ ਮਾਤਾ ਗੁਜਰ ਕੌਰ ਬੰਗਾ ਰੋਡ ਨਵਾਂਸ਼ਹਿਰ ਜਿੱਥੇ ਗੁਰੂ ਸਾਹਿਬ ਨੇ 5 ਮਹੀਨੇ 19 ਦਿਨ ਰਹਿ ਕੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਇਸ ਸ਼ਹਿਰ ਦਾ ਨਾਮ ਨੀਵੇਂ ਸ਼ਹਿਰ ਤੋਂ ਬਦਲ ਕੇ ਨਵਾਂਸ਼ਹਿਰ ਰੱਖਿਆ । ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਮੁੱਚੇ ਇਲਾਕੇ ਦੀਆਂ ਸੰਗਤਾਂ, ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਧਾਰਮਿਕ ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ ਅਤੇ 400 ਸਾਲਾ ਪ੍ਰਕਾਸ਼ ਪੁਰਬ ਕਮੇਟੀ ਗੁਰਦੁਆਰਾ ਮੰਜੀ ਸਾਹਿਬ ਵੱਲੋਂ ਮਿਸਲ ਸ਼ਹੀਦਾਂ ਤਰਨਾ ਦੇ ਮੁੱਖੀ ਜਿੰਦਾ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ ਦੀ ਦੇਖ ਰੇਖ ਹੇਠ 19, 20 ਅਤੇ 21 ਮਾਰਚ 2021 ਨੂੰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । 19 ਮਾਰਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਸਵੇਰੇ 9 ਵਜੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਤੋਂ ਅਰੰਭ ਹੋ ਕੇ ਅੰਬੇਡਕਰ ਚੌਂਕ, ਗੁਰਦੁਆਰਾ ਟਾਹਲੀ ਸਾਹਿਬ, ਪਿੰਡ ਮਹਿੰਦੀਪੁਰ, ਗੁੱਜਰਪੁਰ, ਮਹਾਲੋਂ, ਭੀਣ, ਜੱਬੋਬਾਲ, ਮੱਲਪੁਰ, ਕਰੀਹਾ, ਛੋਟੀਆਂ ਭੰਗਲਾ, ਕਰਿਆਮ, ਹਿਆਲਾ (ਗੁਰੂ ਕਾ ਲੰਗਰ), ਜਾਫਰਪੁਰ, ਸਲੋਹ, ਜੇਠੂ-ਮਾਜਰਾ, ਪਿੰਡ ਬਰਨਾਲਾ ਤੋਂ ਹੁੰਦਾ ਹੋਇਆ ਰਾਤ 8 ਵਜੇ ਘੋੜ-ਦੋੜਾ ਅਤੇ ਸ਼ਸਤਰ ਵਿੱਦਿਆ ਦੇ ਜੋਹਰ ਦਿਖਾਉਂਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਵਾਪਸ ਪੁੱਜਾ । 20 ਅਤੇ 21 ਮਾਰਚ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਗੁਰਦੁਆਰਾ ਮੰਜੀ ਸਾਹਿਬ ਵਿਖੇ ਮਹਾਨ ਕੀਰਤਨ ਸਮਾਗਮ ਸਜਾਏ ਗਏ ਜਿਸ ਵਿੱਚ ਸਿੰਘ ਸਾਹਿਬ ਗਿਆਨੀ ਭਾਈ ਗੁਰਕੀਰਤ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਗਿਆਨੀ ਹਰਪਾਲ ਸਿੰਘ (ਫਤਿਹਗੜ੍ਹ ਸਾਹਿਬ ), ਬਾਬਾ ਬੰਤਾ ਸਿੰਘ (ਕਥਾਵਾਚਕ), ਜਗਾਧਰੀ ਵਾਲੀਆਂ ਬੀਬੀਆਂ-ਮੀਰੀ ਪੀਰੀ ਜੱਥਾ, ਕਵੀਸ਼ਰੀ ਜੱਥਾ ਗਿਆਨੀ ਗੁਰਮੁਖ ਸਿੰਘ ਐਮ ਏ, ਢਾਡੀ ਜੱਥਾ ਬੀਬੀ ਜਸਵੀਰ ਕੌਰ ਜੱਸ ਅਤੇ ਹਜ਼ੂਰੀ ਰਾਗੀ ਗੁਰਦੁਆਰਾ ਮੰਜੀ ਸਾਹਿਬ ਭਾਈ ਸੁੱਚਾ ਸਿੰਘ ਆਦਿ ਹਾਜ਼ਰੀਆ ਭਰਕੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਇਤਿਹਾਸ ਨਾਲ ਜੋੜਿਆ । ਸ. ਸੁਖਵੰਤ ਸਿੰਘ ਜੀ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾ-ਖੂਬੀ ਨਿਭਾਈ ਗਈ। ਸ਼ੁਭ ਕਰਮਨ ਸੇਵਾ ਸੁਸਾਇਟੀ ਵੱਲੋਂ ਸਟੇਜ ਸਜਾਉਣ ਦੀ ਸੇਵਾ, ਦੁਆਬਾ ਸੇਵਾ ਦਲ ਵਲੋਂ ਪਾਰਕਿੰਗ ਦੀ ਸੇਵਾ ਅਤੇ ਜੋੜਿਆਂ ਦੀ ਸੇਵਾ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਜਾਡਲਾ ਵੱਲੋਂ ਨਿਭਾਈ ਗਈ। ਗੁਰਮਤਿ ਸਮਾਗਮ ਵਿੱਚ ਮਿਸਲ ਸ਼ਹੀਦਾਂ ਤਰਨਾ ਦੇ ਮੁੱਖੀ ਜਿੰਦਾ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਤੇਗ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਸੰਗਤਾਂ ਨੂੰ ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲਣ ਦੀ ਅਪੀਲ ਕੀਤੀ ਅਤੇ ਸਾਰੇ ਸਹਿਯੋਗੀਆਂ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਨਰੰਗ ਸਿੰਘ , ਬਾਬਾ ਨਾਗਰ ਸਿੰਘ, ਬਾਬਾ ਸੁਮਿੱਤਰ ਸਿੰਘ, ਬਾਬਾ ਜੋਗਾ ਸਿੰਘ ਮਡਾਲੀ ਵਾਲੇ, ਭਾਈ ਤਿਰਲੋਚਨ ਸਿੰਘ, ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਪਰਮਿੰਦਰ ਸਿੰਘ ਕਾਲਾ, ਰੇਸ਼ਮ ਸਿੰਘ, ਜਸਪ੍ਰੀਤ ਸਿੰਘ ਜੱਸ, ਨਾਨਕ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ, ਰਾਮ ਸਿੰਘ, ਰਾਜਵਿੰਦਰ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸਿੰਘ, ਉੱਤਮ ਸਿੰਘ, ਜਸਵਿੰਦਰ ਸਿੰਘ ਕਾਹਮਾ, ਤਰਲੋਕ ਸਿੰਘ ਸੇਠੀ, ਹਰਪ੍ਰੀਤ ਸਿੰਘ ਹੈਪੀ, ਬਲਵਿੰਦਰ ਕੌਰ, ਦਵਿੰਦਰ ਕੌਰ, ਮਹਿੰਦਰ ਕੌਰ, ਜਗਜੀਤ ਸਿੰਘ, ਜਗਦੀਪ ਸਿੰਘ, ਜਤਿੰਦਰ ਸਿੰਘ, ਕੁਲਵੀਰ ਸਿੰਘ, ਜਸਵੰਤ ਸਿੰਘ ਭੱਟੀ, ਜੋਗਾ ਸਿੰਘ ਹਾਜ਼ਰ ਸਨ।