ਬੰਗਾ, 11 ਮਾਰਚ : ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਹਦਾਇਤਾਂ ਤਹਿਤ ਜ਼ਿਲੇ ਵਿਚ ਕੋਵਿਡ ਸਬੰਧੀ ਜਾਰੀ ਹੁਕਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਮੁਹਿੰਮ ਆਰੰਭੀ ਗਈ ਹੈ। ਇਸੇ ਤਹਿਤ ਬੰਗਾ ਵਿਖੇ ਹੋਮ ਆਈਸੋਲੇਸ਼ਨ ਦੇ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਕੋਰੋਨਾ ਪਾਜ਼ੇਟਿਵ ਮਰੀਜ਼ ਖਿਲਾਫ਼ ਥਾਣਾ ਸਿਟੀ ਬੰਗਾ ਵਿਖੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸ. ਡੀ. ਐਮ ਬੰਗਾ ਵਿਰਾਜ ਤਿੜਕੇ ਨੇ ਦੱਸਿਆ ਕਿ ਇਸ ਸਬੰਧੀ ਕੰਟੇਨਮੈਂਟ ਜ਼ੋਨ ਇੰਚਾਰਜ ਬੰਗਾ ਡਾ. ਸੰਦੀਪ ਕੁਮਾਰ ਵੱਲੋਂ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਕੋਰੋਨਾ ਪਾਜ਼ੇਟਿਵ ਮਰੀਜ਼ ਸੁਰੇਸ਼ ਕੁਮਾਰ ਪੁੱਤਰ ਰਾਮ ਰਤਨ, ਵਾਸੀ ਐਮ. ਸੀ ਕਲੋਨੀ, ਬੰਗਾ ਵੱਲੋਂ ਕੋਰੋਨਾ ਪਾਜ਼ੇਟਿਵ ਹੋਣ ਉਪਰੰਤ ਜਾਣ ਬੁੱਝ ਕੇ ਆਪਣੇ ਆਪ ਨੂੰ ਆਈਸੋਲੇਟ ਨਾ ਰੱਖ ਕੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੋਮ ਆਈਸੋਲੇਸ਼ਨ ਦੇ ਜ਼ਾਬਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਲਈ ਉਸ ਖਿਲਾਫ਼ ਪੁਲਿਸ ਨੂੰ ਕਾਨੂੰਨੀ ਕਾਰਵਾਈ ਲਈ ਲਿਖਿਆ ਗਿਆ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਇਸ 'ਤੇ ਫੌਰਨ ਕਾਰਵਾਈ ਕਰਦਿਆਂ ਥਾਣਾ ਸਿਟੀ ਬੰਗਾ ਵਿਖੇ ਸੁਰੇਸ਼ ਕੁਮਾਰ ਪੁੱਤਰ ਰਾਮ ਰਤਨ, ਵਾਸੀ ਐਮ. ਸੀ ਕਲੋਨੀ, ਬੰਗਾ ਖਿਲਾਫ਼ ਆਈ. ਪੀ. ਸੀ 1860 ਦੀ ਧਾਰਾ 188, 269,270 ਅਤੇ ਐਪੀਡੈਮਿਕ ਡਿਸੀਜ਼ਿਜ਼ ਐਕਟ 1887 ਦੀ ਧਾਰਾ 3 ਤਹਿਤ ਐਫ. ਆਈ. ਆਰ ਨੰ: 22 ਮਿਤੀ 6.3.2021 ਦਰਜ ਕਰ ਕੇ ਅਗਲੀ ਕਾਰਵਾਈ ਆਰੰਭੀ ਗਈ ਹੈ। ਐਸ. ਡੀ. ਐਮ ਬੰਗਾ ਵਿਰਾਜ ਤਿੜਕੇ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਜ਼ਿਲੇ ਵਿਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਸਖ਼ਤ ਦਿਸ਼ਾ-ਨਿਰਦੇਸ਼ਾਂ ਜਾਰੀ ਕੀਤੇ ਗਏ ਹਨ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕੋਈ ਢਿੱਲ ਨਾ ਵਰਤਣ ਦੀ ਹਦਾਇਤ ਕੀਤੀ ਗਈ ਹੈ। ਉਨਾਂ ਕਿਹਾ ਕਿ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਮਰੀਜ਼ਾਂ ਨੂੰ ਇਸ ਸਬੰਧੀ ਬੇਹੱਦ ਸਾਵਧਾਨੀ ਵਰਤਣ ਦੀ ਲੋੜ ਹੈ, ਕਿਉਂਕਿ ਹੋਮ ਆਈਸੋਲੇਸ਼ਨ ਦੀ ਉਲੰਘਣਾ ਕਰ ਕੇ ਉਹ ਹੋਰਨਾਂ ਨੂੰ ਵੀ ਇਸ ਬਿਮਾਰੀ ਦਾ ਸ਼ਿਕਾਰ ਬਣਾ ਸਕਦੇ ਹਨ। ਉਨਾਂ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ ਅਤੇ ਇਸ ਪ੍ਰਤੀ ਕੋਈ ਲਾਪਰਵਾਹੀ ਨਹੀਂ ਵਰਤੀ ਜਾਣੀ ਚਾਹੀਦੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਕੋਵਿਡ ਨਿਯਮਾਂ ਦਾ ਪੂਰੀ ਤਰਾਂ ਪਾਲਣ ਕਰਨ ਅਤੇ 6 ਫੁੱਟ ਦੀ ਦੂਰੀ ਬਣਾਈ ਰੱਖਣ ਦੇ ਨਾਲ-ਨਾਲ ਮਾਸਕ ਪਹਿਨਣਾ ਯਕੀਨੀ ਬਣਾਉਣ ਅਤੇ ਜਨਤਕ ਤੌਰ 'ਤੇ ਨਾ ਥੁੱਕਣ। ਉਨਾਂ ਕਿਹਾ ਕਿ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ।