ਸ੍ਰੀ ਗੁਰੂ ਤੇਗ਼਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਢਾਹਾਂ ਕਲੇਰਾਂ ਪੁੱਜਣ ਤੇ ਨਿੱਘਾ ਸਵਾਗਤ
ਬੰਗਾ : - 23 ਮਾਰਚ ( ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਹੋਏ ਵਿਸ਼ਾਲ ਨਗਰ ਕੀਰਤਨ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਜੋ ਕਿ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜੇਗਾ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਤਹਿਤ ਹੀ ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਹੋਇਆ ਸੀ ਅਤੇ ਗੁਰੂ ਸਾਹਿਬ ਜੀ ਚਰਨ ਛੋਹ ਪ੍ਰਾਪਤ ਅਸਥਾਨਾਂ (ਪੰਜਾਬ, ਹਰਿਆਣਾ, ਦਿੱਲੀ) ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ। ਜਥੇਦਾਰ ਢਾਹਾਂ ਨੇ ਸਮੂਹ ਸੰਗਤਾਂ ਨੂੰ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈਆਂ ਦਿੱਤੀਆਂ ਅਤੇ ਗੁਰੂ ਸਾਹਿਬ ਦੇ ਇਤਿਹਾਸਕ ਗੁਰਪੁਰਬ ਨੂੰ ਸਮਰਪਿਤ ਕੀਤੇ ਜਾ ਰਹੇ ਸਮਾਗਮਾਂ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ, ਭਾਈ ਜੋਗਾ ਸਿੰਘ, ਨਰਿੰਦਰ ਸਿੰਘ ਢਾਹਾਂ, ਭਾਈ ਪ੍ਰਵੀਨ ਸਿੰਘ, ਗੁਰਮੀਤ ਸਿੰਘ ਬੁੱਟਰ ਮੀਤ ਸਕੱਤਰ, ਗੁਰਨੈਬ ਸਿੰਘ ਮੈਨੇਜਰ ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਭਾਈ ਸਤਨਾਮ ਸਿੰਘ ਪ੍ਰਚਾਰਕ, ਭਾਈ ਪਲਵਿੰਦਰ ਸਿੰਘ ਪ੍ਰਚਾਰਕ, ਭਾਈ ਹੀਰਾ ਸਿੰਘ ਸਭਰਾਅ, ਜਸਪਾਲ ਸਿੰਘ ਦੁਬਰਜੀ, ਕਵੀਸ਼ਰ ਭਾਈ ਤਰਨਜੀਤ ਸਿੰਘ ਸਾਰਚੂਰ, ਭਾਈ ਰਣਜੀਤ ਸਿੰਘ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਸਮੂਹ ਸਟਾਫ, ਗੁਰੂ ਨਾਨਕ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਸ਼ਰਧਾ ਪੂਰਵਕ ਨਗਰ ਕੀਰਤਨ 'ਚ ਸ਼ਾਮਲ ਹੋਈਆਂ।
ਫੋਟੋ ਕੈਪਸ਼ਨ : ਸ੍ਰੀ ਗੁਰੂ ਤੇਗ਼਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਢਾਹਾਂ ਕਲੇਰਾਂ ਪੁੱਜਣ ਤੇ ਨਿੱਘਾ ਸਵਾਗਤ ਕਰਨ ਮੌਕੇ ਦੀਆਂ ਤਸਵੀਰਾਂ