ਪੁਲਿਸ ਨੇ ਬਿਨਾਂ ਮਾਸਕ ਘੁੰਮਣ ਵਾਲੇ 491 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ-100 ਦੇ ਕੱਟੇ ਚਲਾਨ

ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਵੀ ਕੀਤਾ ਜਾ ਰਿਹਾ ਜਾਗਰੂਕ

ਕੈਪਸ਼ਨ : ਏ. ਐੱਸ. ਆਈ ਹੁਸਨ ਲਾਲ ਬਾਰਾਂਦਰੀ ਪਾਰਕ ਵਿਚ ਨਸ਼ਿਆਂ ਖ਼ਿਲਾਫ਼ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ

ਬੰਗਾ ਪੁਲਿਸ ਵੱਲੋਂ ਨਸ਼ੀਲੇ ਟੀਕਿਆਂ ਸਮੇਤ ਦੋ ਕਾਬੂ 

ਕੈਪਸ਼ਨ : ਬੰਗਾ ਪੁਲਿਸ ਵੱਲੋਂ ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤੇ ਗਏ ਨੌਜਵਾਨ। 
ਨਵਾਂਸ਼ਹਿਰ, 26 ਮਾਰਚ : (ਵਿਸ਼ੇਸ਼ ਪ੍ਰਤੀਨਿਧੀ) ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਦੀ ਹੱਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ 'ਤੇ ਬਿਨਾਂ ਮਾਸਕ ਘੁੰਮਣ ਵਾਲੇ 491 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ। ਇਸ ਤੋਂ ਇਲਾਵਾ ਅੱਜ ਬਗੈਰ ਮਾਸਕ ਘੁੰਮ ਰਹੇ 100 ਵਿਅਕਤੀਆਂ ਦੇ ਚਲਾਨ ਵੀ ਕੱਟੇ ਗਏ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਨੇ ਦੱਸਿਆ ਕਿ ਪੁਲਿਸ ਵੱਲੋਂ ਪਿੰਡਾਂ ਵਿਚ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਕੋਵਿਡ ਪ੍ਰਤੀ ਸਾਵਧਾਨੀਆਂ ਵਰਤਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਤਹਿਤ ਸਾਂਝ ਕੇਂਦਰ ਨਵਾਂਸ਼ਹਿਰ ਦੇ ਏ. ਐੱਸ. ਆਈ ਹੁਸਨ ਲਾਲ ਵੱਲੋਂ ਅੱਜ ਬਾਰਾਂਦਰੀ ਪਾਰਕ ਨਵਾਂਸ਼ਹਿਰ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰਾਂ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਸਿਟੀ ਬੰਗਾ ਦੀ ਪੁਲਿਸ ਪਾਰਟੀ ਨੇ ਏ. ਐੱਸ. ਆਈ ਰਛਪਾਲ ਸਿੰਘ ਦੀ ਅਗਵਾਈ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਕੋਲੋਂ 8 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਕੇਸ਼ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਪੂਨੀਆ ਅਤੇ ਕਮਲਦੀਪ ਪੁੱਤਰ ਬਲਵਿੰਦਰ ਸਿੰਘ ਵਾਸੀ ਪੂਨੀਆ ਖ਼ਿਲਾਫ਼ ਥਾਣਾ ਸਿਟੀ ਬੰਗਾ ਵਿਖੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ।