ਕਿਸਾਨੀ ਸ਼ੰਘਰਸ਼ ਵਿਚ ਨਿਵੇਕਲੀ ਮਿਸਾਲ : 82 ਸਾਲਾ ਬਜ਼ੁਰਗ ਗੁਰਬਖ਼ਸ਼ ਸਿੰਘ ਪਠਲਾਵਾ ਸਾਈਕਲ 'ਤੇ ਦਿੱਲੀ ਸੰਘਰਸ਼ ਲਈ ਰਵਾਨਾ

ਬੰਗਾ, 25 ਮਾਰਚ (ਵਿਸ਼ੇਸ਼ ਪ੍ਰਤੀਨਿਧੀ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਪਠਲਾਵਾ ਬੀਤੇ ਸਾਲ ਉਸ ਸਮੇਂ ਚਰਚਾ ਵਿੱਚ ਆਇਆ ਸੀ, ਜਦੋਂ ਇਸ ਪਿੰਡ ਵਿੱਚ ਕਰੋਨਾ ਦੀ ਬਿਮਾਰੀ ਨੇ ਦਸਖ਼ਤ ਦਿੱਤੀ ਸੀ ਤੇ ਇਹ ਪਿੰਡ ਪਠਲਾਵਾ, ਪੂਰੇ ਦੇਸ਼ ਵਿੱਚ ਮਸ਼ਹੂਰ ਹੋ ਗਿਆ ਸੀ। ਗਾਇਕਾਂ/ਕਲਾਕਾਰਾਂ ਨੇ ਤਾਂ ਇਸ ਪਿੰਡ 'ਤੇ ਗਾਣੇ ਵੀ ਕੱਢੇ ਅਤੇ ਕਈਆ ਨੇ ਇਸ ਪਿੰਡ ਨੂੰ ਮਾੜਾ ਕਿਹਾ। ਪਰ ਪਿੰਡ ਪਠਲਾਵਾ ਹਮੇਸ਼ਾ ਹੀ ਸਮਾਜ ਭਲਾਈ ਹਰੇਕ ਕੰਮ ਵਿਚ ਆਪਣਾ ਯੋਗਦਾਨ ਪਾਉਣ ਵਿਚ ਮੋਹਰੀ ਹੁੰਦਾ ਹੈ। ਜਿੱਥੇ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਦੀ ਅਗਵਾਈ ਕਰਦੇ ਸਰਦਾਰ ਇੰਦਰਜੀਤ ਸਿੰਘ ਵਾਰੀਆ, ਸਰਦਾਰ ਤਰਲੋਚਨ ਸਿੰਘ ਵਾਰੀਆ ਤੋਂ ਇਲਾਵਾ ਪਿੰਡ ਦੇ ਸਰਪੰਚ ਹਰਪਾਲ ਸਿੰਘ ਅਤੇ ਸਪੋਰਟਸ ਕਲੱਬ ਪਠਲਾਵਾ ਦੇ ਨੌਜਵਾਨਾਂ ਵੱਲੋਂ ਕਰੋਨਾ ਦੇ ਸਮੇਂ ਅਤੇ ਹੁਣ ਦਿੱਲੀ ਦੇ ਕਿਸਾਨੀ ਮੋਰਚੇ ਵਿੱਚ ਵੱਡੀ ਪੱਧਰ 'ਤੇ ਸੇਵਾ ਨਿਭਾਈ ਜਾ ਰਹੀ ਹੈ। ਇਸੇ ਹੀ ਪਿੰਡ ਪਠਲਾਵਾ ਦੇ ਵਾਸੀ ਬਾਪੂ ਸ. ਗੁਰਬਖਸ਼ ਸਿੰਘ (ਉਮਰ 82) ਨੇ ਦਿੱਲੀ ਵਿਚ ਚੱਲ ਰਹੇ ਕਿਸਾਨੀ ਅੰਦੋਲਨ 'ਚ ਸ਼ਾਮਲ ਹੋਣ ਲਈ ਸਾਈਕਲ 'ਤੇ ਚਾਲੇ ਪਾਏ ਹਨ। ਬਾਪੂ ਸ. ਗੁਰਬਖਸ਼ ਸਿੰਘ ਵਿਚ ਉਤਸ਼ਾਹ ਇਸ ਕਦਰ ਭਾਰੂ ਸੀ ਕਿ ਉਮਰ ਨੂੰ ਮਾਤ ਪੈ ਰਹੀ ਸੀ। ਉਹਨਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਪਿੰਡ ਵਾਸੀਆਂ ਨਾਲ ਮਹੀਨਾ ਭਰ ਦਿੱਲੀ ਮੋਰਚਿਆਂ 'ਚ ਲੰਗਰ ਦੀ ਸੇਵਾ ਕਰਕੇ ਆਏ ਹਨ। ਬਾਪੂ ਸ. ਗੁਰਬਖਸ਼ ਸਿੰਘ  ਨੇ ਕਿਹਾ ਕਿ ਆਪਣੇ ਜੱਦੀ ਪਿੰਡ ਪਠਲਾਵਾ ਤੋਂ ਦਿੱਲੀ ਤੱਕ ਦਾ ਲੰਬਾ ਸਫ਼ਰ ਸਾਇਕਲ 'ਤੇ ਤਹਿ ਕਰਨ ਪਿੱਛੇ ਦੋ ਮਕਸਦ ਹਨ ਇੱਕ ਤਾਂ ਨਵੀਂ ਪੀੜ੍ਹੀ ਲਈ ਹੋਰ ਹਿੰਮਤ ਤੇ ਉਤਸ਼ਾਹ ਦੀ ਪ੍ਰੇਰਨਾ ਦੇਣਾ ਚਾਹੁੰਦੇ ਹਨ ਅਤੇ ਦੂਜਾ ਦਿੱਲੀ ਸਰਕਾਰ ਨੂੰ ਇਹ ਸੁਨੇਹਾ ਦੇਣਾ ਕਿ ਉਸ ਨਾਲ ਟੱਕਰ ਲੈਣ ਲਈ ਬਜ਼ੁਰਗ ਪੀੜ੍ਹੀ ਦੀ ਹਿੰਮਤ ਹੀ ਕਾਫ਼ੀ ਹੈ। ਅੱਜ ਬਜ਼ੁਰਗ ਬਾਪੂ ਸ. ਗੁਰਬਖਸ਼ ਸਿੰਘ ਨੂੰ ਰਵਾਨਾ ਕਰਨ ਸਮੇਂ  ਗੁਰਦੁਆਰਾ ਸੰਤ ਬਾਬਾ ਘੱਨਯਾ ਸਿੰਘ ਦੇ ਮੁੱਖੀ ਸੰਤ ਬਾਬਾ ਗੁਰਬਚਨ ਸਿੰਘ ਜੀ ਵਲੋਂ ਅਰਦਾਸ ਕਰਨ ਉਪਰੰਤ ਸਿਰੋਪਾਓ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਏਕ ਨੂਰ ਸਵੈ ਸੇਵੀ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਨੇ ਕਿਹਾ ਕਿ ਉਹਨਾਂ ਲਈ ਖੁਸ਼ੀ ਵਾਲੀ ਗੱਲ ਹੈ ਕਿ ਇਹ ਬਜ਼ੁਰਗ ਪਿੰਡ ਪਠਲਾਵਾ ਦਾ ਮਾਣ ਬਣ ਕੇ ਦਿੱਲੀ ਸੰਘਰਸ਼ 'ਚ ਆਪਣਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਸਰਪੰਚ ਹਰਪਾਲ ਸਿੰਘ, ਮਾਸਟਰ ਤਰਲੋਚਨ ਸਿੰਘ, ਹਰਪ੍ਰੀਤ ਸਿੰਘ ਖਾਲਸਾ ਪਠਲਾਵਾ, ਮਾਸਟਰ ਸੋਹਣ ਸਿੰਘ, ਪੰਚ ਸੁੱਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ-ਪਿੰਡ ਪਠਲਾਵਾ ਦੇ ਬਜ਼ੁਰਗ ਬਾਪੂ ਸ. ਗੁਰਬਖਸ਼ ਸਿੰਘ ਦਿੱਲੀ ਨੂੰ ਰਵਾਨਾ ਹੋਣ ਮੌਕੇ