ਕੋਵਿਡ-19 ਟੀਕਾਕਰਨ ਵਾਸਤੇ ਹੁਣ ਸਹਿ-ਰੋਗਾਂ ਤੋਂ ਪੀੜਤ ਵਿਅਕਤੀਆਂ ਲਈ ਵੱਖਰਾ ਪ੍ਰਮਾਣ ਪੱਤਰ ਦੇਣ ਦੀ ਲੋੜ ਨਹੀਂ : ਡਾ. ਕਪੂਰ

- ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੋਵਿਡ-19 ਟੀਕਾਕਰਨ ਇੱਕੋ-ਇਕ ਰਸਤਾ
- ਸਾਰੇ ਸੀਨੀਅਰ ਸਿਟੀਜ਼ਨ ਅਤੇ ਸਹਿ-ਰੋਗਾਂ ਤੋਂ ਪੀੜਤ 45 ਸਾਲ ਤੋਂ ਉੱਪਰ ਉਮਰ ਦੇ ਵਿਅਕਤੀ ਕੋਵਿਡ-19 ਟੀਕਾਕਰਨ ਕਰਵਾਉਣਾ ਯਕੀਨੀ ਬਣਾਉਣ

ਨਵਾਂਸ਼ਹਿਰ, 21 ਮਾਰਚ 2021: (ਵਿਸ਼ੇਸ਼ ਪ੍ਰਤੀਨਿਧੀ) ਮਾਣਯੋਗ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਜੀ ਦੀ ਯੋਗ ਅਗਵਾਈ ਹੇਠ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਸ਼ਹੀਦ ਭਗਤ ਸਿੰਘ ਨਗਰ ਵਿਚ ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਇਨ ਵਰਕਰਾਂ ਸਮੇਤ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨ ਅਤੇ ਸਹਿ-ਰੋਗਾਂ ਤੋਂ ਪੀੜਤ 45 ਤੋਂ 59 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਦੇ ਕੋਵਿਡ-19 ਟੀਕੇ ਲਗਾਉਣ ਦੇ ਕੰਮ ਨੇ ਰਫ਼ਤਾਰ ਫੜ ਲਈ ਹੈ। ਜ਼ਿਲ੍ਹੇ ਵਿਚ ਹੁਣ ਤੱਕ 10,391 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚ ਪਹਿਲੀ ਖ਼ੁਰਾਕ ਅਤੇ ਦੂਜੀ ਖ਼ੁਰਾਕ ਸ਼ਾਮਲ ਹੈ।  ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਕੋਵਿਡ-19 ਟੀਕਾਕਰਨ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਪੰਜਾਬ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਹੁਣ ਸਹਿ-ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਟੀਕਾਕਰਨ ਵਾਸਤੇ ਸਹਿ-ਰੋਗਾਂ ਬਾਰੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਵੱਖਰਾ ਪ੍ਰਮਾਣ ਪੱਤਰ ਦੇਣਾ ਲਾਜ਼ਮੀ ਨਹੀਂ ਹੋਵੇਗਾ। ਜੇਕਰ ਕੋਈ ਵਿਅਕਤੀ ਸਹਿ ਰੋਗਾਂ ਸਬੰਧੀ ਆਪਣਾ ਮੈਡੀਕਲ ਰਿਕਾਰਡ ਟੀਕਾਕਰਨ ਸਥਾਨ ਉੱਤੇ ਲੈ ਕੇ ਆਵੇਗਾ ਤਾਂ ਉਸ ਕੋਲੋਂ ਵੱਖਰਾ ਪ੍ਰਮਾਣ ਪੱਤਰ ਨਹੀਂ ਮੰਗਿਆ ਜਾਵੇਗਾ। ਉਸ ਦੇ ਮੈਡੀਕਲ ਰਿਕਾਰਡ ਦੇ ਆਧਾਰ ਉੱਤੇ ਹੀ ਟੀਕਾ ਲਗਾਇਆ ਜਾ ਸਕੇਗਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 18 ਸਰਕਾਰੀ ਅਤੇ 5 ਪ੍ਰਾਈਵੇਟ ਹਸਪਤਾਲਾਂ ਵਿਚ ਟੀਕਾ ਲਗਵਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਟੀਕਾਕਰਨ ਲਈ ਸਰਕਾਰੀ ਸਿਹਤ ਸੰਸਥਾਵਾਂ ਵਿਚ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ, ਸਬ ਡਵੀਜ਼ਨਲ ਹਸਪਤਾਲ ਬਲਾਚੌਰ, ਪੀ. ਐੱਚ. ਸੀ. ਕਾਠਗੜ੍ਹ, ਪੀ. ਐੱਚ. ਸੀ. ਪਨਿਆਲੀ, ਪੀ. ਐਚ. ਸੀ. ਠਕਾਰਲਾ, ਪੀ. ਐਚ. ਸੀ.  ਪੋਜੇਵਾਲ, ਪੀ. ਐਚ. ਸੀ. ਸਾਹਿਬਾ, ਪੀ. ਐਚ. ਸੀ. ਮੁਜ਼ੱਫਰਪੁਰ, ਸੀ. ਐਚ. ਸੀ. ਬੰਗਾ, ਸੀ. ਐਚ. ਸੀ. ਰਾਹੋਂ, ਸੀ. ਐਚ. ਸੀ. ਮੁਕੰਦਪੁਰ, ਪੀ. ਐਚ. ਸੀ. ਖਾਨਖਾਨਾ, ਪੀ. ਐਚ. ਸੀ. ਔੜ, ਆਰ.ਐੱਚ. ਕਮਾਮ, ਪੀ. ਐਚ. ਸੀ. ਬਹਿਰਾਮ, ਪੀ. ਐਚ. ਸੀ. ਕਟਾਰੀਆ, ਪੀ. ਐਚ. ਸੀ.  ਖਟਕੜ ਕਲਾਂ, ਸੀ. ਐਚ. ਸੀ. ਸੜੋਆ, ਪੀ. ਐਚ. ਸੀ. ਸੁੱਜੋਂ, ਮਿੰਨੀ ਪੀ.ਐੱਚ.ਸੀ. ਜਾਡਲਾ, ਆਰ.ਐੱਚ. ਸੰਧਵਾਂ-ਫਰਾਲਾ ਅਤੇ ਪੀ. ਐਚ. ਸੀ. ਜੱਬੋਵਾਲ ਸ਼ਾਮਿਲ ਹਨ, ਜਦਕਿ ਪ੍ਰਾਈਵੇਟ ਹਸਪਤਾਲਾਂ ਵਿਚ ਰਾਜਾ ਹਸਪਤਾਲ, ਆਈ. ਵੀ. ਵਾਈ ਹਸਪਤਾਲ ਅਤੇ ਮਿੱਤਲ ਹਸਪਤਾਲ, ਗੁਰਮੀਤ ਹਸਪਤਾਲ ਅਤੇ ਗੁਰੁ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਸ਼ਾਮਿਲ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਕੋਵਿਡ-19 ਟੀਕਾਕਰਨ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਨਹੀਂ ਹੈ। ਟੀਕਾ ਲਗਵਾਉਣ ਦੇ ਇਛੁੱਕ ਵਿਅਕਤੀ ਇਸ ਲਈ ਪ੍ਰੀ-ਰਜਿਸਟ੍ਰੇਸ਼ਨ ਵੀ ਕਰ ਸਕਦੇ ਹਨ ਜਾਂ ਟੀਕਾਕਰਨ ਲਈ ਸਿੱਧੇ ਹਸਪਤਾਲ ਪਹੁੰਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਟੀਕਾ ਮੁਫ਼ਤ ਲਗਾਇਆ ਜਾ ਰਿਹਾ ਹੈ। ਸਹਿ-ਰੋਗਾਂ ਵਿਚ ਡਾਇਬਟੀਜ਼, ਦਿਲ ਦੇ ਰੋਗਾਂ, ਗੁਰਦੇ ਦੇ ਰੋਗਾਂ, ਜਿਗਰ ਦੇ ਰੋਗਾਂ, ਸਾਹ ਪ੍ਰਣਾਲੀ ਦੇ ਰੋਗਾਂ ਅਤੇ ਸਟਰੋਕ ਆਦਿ ਨਾਲ ਸਬੰਧਿਤ 20 ਦੇ ਕਰੀਬ ਬਿਮਾਰੀਆਂ ਸ਼ਾਮਿਲ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੋਵਿਡ-19 ਟੀਕਾਕਰਨ ਹੀ ਇੱਕੋ-ਇਕ ਰਸਤਾ ਹੈ। ਇਸ ਲਈ ਸਮੂਹ ਯੋਗ ਲਾਭਪਾਤਰੀਆਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਡਾ. ਕਪੂਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਲਈ ਟੀਕਾਕਰਨ ਵੀ ਨਾਲੋ-ਨਾਲ ਚੱਲ ਰਿਹਾ ਹੈ, ਭਾਵੇਂ ਕਿ ਉਹ ਪਹਿਲਾਂ ਰਜਿਸਟਰਡ ਨਹੀਂ ਵੀ ਹੋਏ, ਫਿਰ ਵੀ ਉਹ ਵਾਕ ਇਨ ਰਾਹੀਂ ਟੀਕਾਕਰਨ ਸਥਾਨ 'ਤੇ ਜਾ ਕੇ ਟੀਕਾ ਲਗਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਫਰੰਟਲਾਈਨ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਲਈ ਕੇਵਲ ਆਪਣਾ ਅਧਿਕਾਰਤ ਪਛਾਣ ਪੱਤਰ ਹੀ ਦਿਖਾਉਣਾ ਹੋਵੇਗਾ।
ਸਿਵਲ ਸਰਜਨ ਨੇ ਸਮੂਹ ਸਿਹਤ ਸੰਭਾਲ ਕਰਮਚਾਰੀਆਂ, ਫਰੰਟ ਲਾਈਨ ਕਰਮਚਾਰੀਆਂ, 60 ਸਾਲ ਤੋਂ ਉੱਪਰ ਦੇ ਵਿਅਕਤੀਆਂ ਅਤੇ ਸਹਿ-ਰੋਗਾਂ ਤੋਂ ਪੀੜਤ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਲਵਾਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ।