ਨਵਾਂਸ਼ਹਿਰ 26 ਮਾਰਚ (ਵਿਸ਼ੇਸ਼ ਪ੍ਰਤੀਨਿਧੀ) ਕੋਵਿਡ ਮਹਾਂਮਾਰੀ ਦੇ ਚੱਲਦੇ ਸਕੂਲ ਬੰਦ ਹਨ, ਪਰ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ਪੂਰੇ ਜ਼ੋਰਾਂ ਛੋਰਾ ਨਾਲ ਚੱਲ ਰਹੀ ਹੈ। ਸਿੱਖਿਆ ਵਿਭਾਗ ਦੇ ਉਪਰਾਲਿਆਂ ਸਦਕਾ ਸਕੂਲਾਂ ਦੀ ਬਦਲੀ ਨੁਹਾਰ ਕਾਰਨ ਮਾਪਿਆਂ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਮਾਪਿਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੇ ਪ੍ਰਿੰਸੀਪਲ ਸਰਬਜੀਤ ਸਿੰਘ ਅਤੇ ਜ਼ਿਲ੍ਹਾ ਮੈਂਟੋਰ ਯੂਨਸ ਖੋਖਰ ਵਲੋ ਸਕੂਲ ਦੀ ਦਾਖ਼ਲਾ ਪ੍ਰਕਿਰਿਆ ਨੂੰ ਪੂਰਨ ਰੂਪ ਵਿੱਚ ਡਿਜੀਟਲ ਕਰ ਦਿੱਤਾ ਹੈ। ਜ਼ਿਲ੍ਹਾ ਮੈਂਟੋਰ ਯੂਨਸ ਖੋਖਰ ਨੇ ਵਧੇਰੇ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਸਰਬਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਦੀ ਪੂਰੀ ਪ੍ਰਕਿਰਿਆ ਪੇਪਰ ਲੈਸ ਕਰ ਦਿੱਤੀ ਹੈ। ਜਿਸ ਦੇ ਚਲਦੇ ਕੋਈ ਵੀ ਚਾਹਵਾਨ ਵਿਦਿਆਰਥੀ ਘਰ ਬੈਠੇ ਹੀ ਸਕੂਲ ਦਾ ਆਨਲਾਈਨ ਉਪਲੱਬਧ ਰਜਿਸਟ੍ਰੇਸ਼ਨ ਫਾਰਮ ਭਰ ਕੇ ਦਾਖ਼ਲਾ ਲੈ ਸਕਦਾ ਹੈ। ਲੋਕਾਂ ਦੀ ਸਹੂਲਤ ਲਈ ਇਹ ਫਾਰਮ ਸਕੂਲ ਵਲੋ ਆਪਣੇ ਸਕੂਲ ਦੇ ਫੇਸ ਬੁੱਕ ਪੇਜ ਉੱਤੇ ਵੀ ਪਾਇਆ ਹੋਇਆ ਹੈ, ਜਿਸ ਨੂੰ ਫੇਸ ਬੁੱਕ ਦੀ ਸਰਚ ਆਪਸ਼ਨ ਵਿੱਚ ਸਮਾਰਟ ਸਕੂਲ ਨਵਾਂਸ਼ਹਿਰ ਭਰ ਕੇ ਲੱਭਿਆ ਜਾ ਸਕਦਾ ਹੈ। ਅੱਜ ਸਕੂਲ ਵੱਲੋ ਡਿਜੀਟਲ ਰਜਿਸਟ੍ਰੇਸ਼ਨ ਵਿੱਚ ਇੱਕ ਕਦਮ ਹੋਰ ਅੱਗੇ ਵਧਦੇ ਹੋਏ ਰਜਿਸਟ੍ਰੇਸ਼ਨ ਲਈ ਕਿਊ.ਆਰ.ਕੋਡ ਜਾਰੀ ਕੀਤਾ ਹੈ। ਜਿਸ ਨੂੰ ਕੋਈ ਵੀ ਆਪਣੇ ਸਮਾਰਟ ਫੋਨ ਤੇ ਸਕੈਨ ਕਰਕੇ ਸਿੱਧਾ ਰਜਿਸਟ੍ਰੇਸ਼ਨ ਫਾਰਮ ਤਕ ਪੁਹੰਚ ਕਰ ਦਾਖ਼ਲਾ ਲੈ ਸਕਦਾ ਹੈ। ਮਾਪਿਆਂ ਨੂੰ ਦਾਖਲੇ ਲਈ ਸਕੂਲ ਦੇ ਚੱਕਰ ਲਗਾਉਣ ਦੀ ਜ਼ਰੂਰਤ ਨਹੀਂ ਮਾਪੇ ਆਪਣੀ ਸਹੂਲਤ ਅਨੁਸਾਰ ਆਪਣੇ ਬੱਚਿਆਂ ਲਈ ਕਿਸੇ ਵੀ ਆਨਲਾਈਨ ਮਾਧਿਅਮ ਦਾ ਪ੍ਰਯੋਗ ਕਰਕੇ ਦਾਖਲਾ ਪ੍ਰਾਪਤ ਕਰ ਸਕਦੇ ਹਨ।