ਬੰਗਾ 13 ਮਾਰਚ (ਬਿਊਰੋ) ਸੰਯੁਕਤ ਕਿਸਾਨ ਮੋਰਚੇ ਵਲੋਂ ਸ਼ਹੀਦੇ-ਆਜ਼ਮ ਸ.ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ 23 ਮਾਰਚ ਨੂੰ ਖੱਟਕੜ ਕਲਾਂ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ ਜਿਸਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੰਬੋਧਨ ਕਰਨਗੇ।ਇਹ ਫੈਸਲਾ ਅੱਜ ਖੱਟਕੜ ਕਲਾਂ ਵਿਖੇ ਸੰਯੁਕਤ ਕਿਸਾਨ ਮੋਰਚਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਦੀ ਮੀਟਿੰਗ ਵਿਚ ਕੀਤਾ ਗਿਆ। ਇਸ ਮੀਟਿੰਗ ਵਿਚ ਕਿਸਾਨ ਮੋਰਚੇ ਵਿਚ ਸ਼ਾਮਲ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਹ ਕਾਨਫਰੰਸ ਖੱਟਕੜ ਕਲਾਂ ਤੋਂ ਬੰਗਾ ਵਾਲੇ ਪਾਸੇ ਮੈਰਿਜ ਪੈਲੇਸ ਦੇ ਕੋਲ ਮੁੱਖ ਮਾਰਗ ਦੇ ਨਾਲ ਲੱਗਦੀ ਥਾਂ ਉੱਤੇ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਕਾਨਫਰੰਸ ਦੀ ਤਿਆਰੀ ਲਈ ਬੰਗਾ, ਬਹਿਰਾਮ, ਨਵਾਂਸ਼ਹਿਰ, ਬਲਾਚੌਰ ਅਤੇ ਗੜ੍ਹਸ਼ੰਕਰ ਇਲਾਕਿਆਂ ਵਿਚ, ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਜਾਗੋਆਂ ਕੱਢੀਆਂ ਜਾਣਗੀਆਂ।ਇਸ ਮੀਟਿੰਗ ਨੂੰ ਕੁਲਵਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ, ਮਾਸਟਰ ਪ੍ਰੇਮ ਕੁਮਾਰ ਰੱਕੜ, ਜਗਤਾਰ ਸਿੰਘ ਪੁੰਨੂੰ ਮਜਾਰਾ, ਬੂਟਾ ਸਿੰਘ ਮਹਿਮੂਦ ਪੁਰ, ਜਸਬੀਰ ਦੀਪ, ਕੁਲਦੀਪ ਝਿੰਗੜ, ਕੁਲਦੀਪ ਸਿੰਘ ਸੁੱਜੋਂ ਡਾਕਟਰ ਬਲਦੇਵ ਬੀਕਾ, ਹਰਪਾਲ ਸਿੰਘ ਜਗਤ ਪੁਰ, ਸਤਨਾਮ ਸਿੰਘ ਸੰਧੂ ਸਰਪੰਚ ਖੱਟਕੜ ਕਲਾਂ,ਅਵਤਾਰ ਸਿੰਘ ਕੱਟ, ਧਨਵੰਤ ਸਿੰਘ ਅਤੇ ਜਸਵੀਰ ਸਿੰਘ ਮੰਗੂਵਾਲ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ 23 ਮਾਰਚ ਆਜਾਦੀ ਸੰਗਰਾਮ ਦੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਹੈ ਅਤੇ ਇਹ ਸ਼ਹੀਦੀ ਦਿਹਾੜਾ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਜਨ ਅੰਦੋਲਨ ਦੇ ਹੱਕ ਵਿਚ, ਮੋਦੀ ਸਰਕਾਰ ਦੇ ਫਾਸ਼ੀਵਾਦ ਵਿਰੁੱਧ ਦੇਸ਼ ਦੇ ਲੋਕਾਂ ਨੂੰ ਲਾਮਬੰਦ ਕਰਨ ਦੇ ਪ੍ਰਣ ਵਜੋਂ ਮਨਾਇਆ ਜਾਵੇਗਾ।22 ਮਾਰਚ ਨੂੰ ਸਵੇਰੇ 10 ਵਜੇ ਮੋਟਰਸਾਈਕਲ ਸਵਾਰ ਨੌਜਵਾਨਾਂ ਦਾ ਵੱਡਾ ਜੱਥਾ ਖੱਟਕੜ ਕਲਾਂ ਦੀ ਮਿੱਟੀ ਲੈਕੇ ਦਿੱਲੀ ਕਿਸਾਨੀ ਮੋਰਚੇ ਉੱਤੇ ਇਹਨਾਂ ਆਜਾਦੀ ਸੰਗਰਾਮੀ ਸ਼ਹੀਦਾਂ ਦੇ 23 ਮਾਰਚ ਨੂੰ ਮਨਾਏ ਜਾਣ ਵਾਲੇ ਸ਼ਹੀਦੀ ਦਿਹਾੜੇ ਵਿਚ ਸ਼ਾਮਲ ਹੋਣ ਲਈ ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂ ਰਵਾਨਾ ਹੋਵੇਗਾ।
ਕੈਪਸ਼ਨ:ਮੀਟਿੰਗ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ।