ਟੀਬੀ ਕੇਸ ਘਟਾਉਣ ਦੇ ਮਾਮਲੇ ਵਿਚ ਸ਼ਹੀਦ ਭਗਤ ਸਿੰਘ ਨਗਰ ਬਣਿਆ ਚੈਂਪੀਅਨ

- ਸਿਹਤ ਵਿਭਾਗ  20 ਫੀਸਦੀ ਕੇਸ ਘਟਾਉਣ 'ਤੇ ਬ੍ਰਾਊਂਜ਼ ਮੈਡਲ ਨਾਲ ਸਨਮਾਨਿਤ
- ਦੇਸ਼ ਵਿਚੋਂ ਟੀਬੀ ਦੀ ਬਿਮਾਰੀ ਨੂੰ 2025 ਤੱਕ ਖਤਮ ਕਰਨ ਦਾ ਟੀਚਾ :  ਡਾ. ਗੁਰਦੀਪ ਸਿੰਘ ਕਪੂਰ

ਨਵਾਂਸ਼ਹਿਰ, 25 ਮਾਰਚ : (ਵਿਸ਼ੇਸ਼ ਪ੍ਰਤੀਨਿਧੀ) ਤਪਦਿਕ (ਟੀਬੀ) ਦੇ ਕੇਸਾਂ ਨੂੰ ਘਟਾਉਣ ਦੇ ਮਾਮਲੇ ਵਿਚ ਸ਼ਹੀਦ ਭਗਤ ਸਿੰਘ ਨਗਰ ਚੈਂਪੀਅਨ ਬਣ ਕੇ ਉੱਭਰਿਆ ਹੈ। ਭਾਰਤ ਸਰਕਾਰ ਨੇ ਸ਼ਹੀਦ ਭਗਤ ਸਿੰਘ ਨਗਰ ਵਿਚ ਟੀਬੀ ਕੇਸਾਂ ਨੂੰ ਘਟਾਉਣ ਲਈ ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਨੂੰ ਬ੍ਰਾਊਂਜ਼ ਮੈਡਲ ਨਾਲ ਸਨਮਾਨਿਤ ਕੀਤਾ ਹੈ। ਇਹ ਸਨਮਾਨ ਨਵੀਂ ਦਿੱਲੀ ਵਿਖੇ 24 ਮਾਰਚ ਨੂੰ ਵਿਸ਼ਵ ਟੀਬੀ ਦਿਵਸ ਮੌਕੇ ਕਰਵਾਏ ਗਏ ਰਾਸ਼ਟਰੀ ਪੱਧਰੀ ਸਮਾਗਮ ਵਿਚ ਦਿੱਤਾ ਗਿਆ। ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਤਪਦਿਕ (ਟੀਬੀ) ਦੀ ਬਿਮਾਰੀ ਨੂੰ ਸਾਲ 2025 ਤੱਕ ਖਤਮ ਕਰਨ ਦੇ ਟੀਚੇ ਵਿਚ ਸ਼ਹੀਦ ਭਗਤ ਸਿੰਘ ਨਗਰ ਨੇ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਜੋ ਕਿ ਸਾਡੇ ਲਈ ਬੇਹੱਦ ਮਾਣ ਵਾਲੀ ਗੱਲ ਹੈ। ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਭਵਿੱਖ ਵਿਚ ਵੀ ਇਸ ਬਿਮਾਰੀ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰਦਾ ਰਹੇਗਾ।
ਭਾਰਤ ਸਰਕਾਰ ਦੇਸ਼ ਵਿੱਚੋਂ ਟੀਬੀ ਦੀ ਬਿਮਾਰੀ ਦੇ ਬੋਝ ਨੂੰ ਘਟਾਉਣ ਲਈ ਜ਼ਿਿਲ੍ਹਆਂ ਨੂੰ ਢੁੱਕਵੇਂ ਕਦਮ ਉਠਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਡਾ. ਕਪੂਰ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਰਾਸ਼ਟਰੀ ਟੀਬੀ ਖਾਤਮਾ ਪ੍ਰੋਗਰਾਮ (ਐੱਨ.ਟੀ.ਈ.ਪੀ.) ਤਹਿਤ ਦੇਸ਼ ਵਿਚੋਂ ਟੀਬੀ ਦੀ ਬਿਮਾਰੀ ਨੂੰ ਸਾਲ 2025 ਵਿਚ ਖਤਮ ਕਰਨ ਦਾ ਟੀਚਾ ਮਿਿਥਆ ਹੋਇਆ ਹੈ। ਭਾਰਤ ਵਿਚ ਅੰਦਾਜ਼ਨ 26 ਲੱਖ ਤੋਂ ਵੱਧ ਟੀਬੀ ਦੇ ਸਰਗਰਮ ਮਰੀਜ਼ ਹਨ, ਜਿਨ੍ਹਾਂ ਵਿਚੋਂ ਹਰ ਸਾਲ ਪੰਜ ਲੱਖ ਟੀਬੀ ਰੋਗੀਆਂ ਦੀ ਮੌਤ ਹੋ ਜਾਂਦੀ ਹੈ। ਤਪਦਿਕ (ਟੀਬੀ) ਛੂਤ ਦੀ ਬਿਮਾਰੀ ਹੈ ਜੋ ਖੰਘਣ, ਛਿੱਕਣ ਤੇ ਹਵਾ ਰਾਹੀਂ ਇਕ ਤੋਂ ਦੂਜੇ ਵਿਅਕਤੀ ਵਿਚ ਬੜੀ ਤੇਜ਼ੀ ਨਾਲੀ ਫੈਲਦੀ ਹੈ। ਜੇ ਦੋ ਹਫਤਿਆਂ ਤੋਂ ਜ਼ਿਆਦਾ ਲੰਮੀ ਖੰਘ ਹੈ ਤਾਂ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਟੀਬੀ ਲਾਇਲਾਜ ਨਹੀਂ ਹੈ। ਮਰੀਜ਼ਾਂ ਨੂੰ ਟੀਬੀ ਦਾ ਇਲਾਜ ਪੂਰਾ ਕਰਨਾ ਚਾਹੀਦਾ ਹੈ, ਨਹੀਂ ਤਾਂ ਇਹ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ। ਉਨ੍ਹਾਂ ਕਿਹਾ ਕਿ ਟੀਬੀ ਵਿਰੁੱਧ ਲੜਾਈ ਵਿਚ ਸਭ ਤੋਂ ਵੱਡੀ ਰੁਕਾਵਟ ਸਮਾਜਿਕ ਭੇਦਭਾਵ ਬਣੀ ਹੋਈ ਹੈ, ਜਿਸ ਕਾਰਨ ਮਰੀਜ਼ ਆਪਣੀ ਬਿਮਾਰੀ ਬਾਰੇ ਦੱਸਣ ਦੇ ਨਾਲ-ਨਾਲ ਦਵਾਈ ਖਾਣ ਤੋਂ ਪ੍ਰਹੇਜ ਵੀ ਕਰਦੇ ਹਨ ਅਤੇ ਉਹ ਬਿਮਾਰੀ ਨੂੰ ਛੁਪਾ ਕੇ ਰੱਖਦੇ ਹਨ।   ਇੱਥੇ ਵਰਣਨਯੋਗ ਹੈ ਕਿ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਨੇ ਸਾਲ 2015 ਦੇ ਮੁਕਾਬਲੇ ਸਾਲ 2020 ਵਿੱਚ ਜ਼ਿਲ੍ਹੇ ਵਿੱਚੋਂ 20 ਫੀਸਦੀ ਕੇਸ ਘਟਾਉਣ ਦੇ "ਉਪ ਕੌਮੀ ਪ੍ਰਮਾਣੀਕਰਨ" ਦਾਅਵੇ ਅਧੀਨ ਬ੍ਰਾਊਂਜ਼ ਵਰਗ ਦੇ ਐਵਾਰਡ ਉੱਤੇ ਆਪਣਾ ਹੱਕ ਜਤਾਇਆ ਸੀ, ਜਿਸ ਦੀ ਜਾਂਚ ਵਿਸ਼ਵ ਸਿਹਤ ਸੰਸਥਾ (ਡਬਲਿਊ.ਐੱਚ.ਓ.), ਭਾਰਤੀ ਸਮਾਜਿਕ ਮੈਡੀਸਨ ਅਤੇ ਰੋਕਥਾਮ ਐਸੋਸੀਏਸ਼ਨ (ਆਈ.ਏ.ਪੀ. ਐੱਸ.ਐੱਮ.) ਅਤੇ ਕੇਂਦਰ ਸਰਕਾਰ ਦੀ ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ. ਐੱਮ.ਆਰ) ਦੀ ਸਾਂਝੀ ਟੀਮ ਨੇ ਕੀਤੀ ਸੀ। ਭਾਰਤ ਸਰਕਾਰ ਨੇ 80 ਫੀਸਦੀ ਟੀਬੀ ਕੇਸ ਘਟਾਉਣ ਵਾਲੇ ਜ਼ਿਲ੍ਹੇ ਨੂੰ 10 ਲੱਖ ਰੁਪਏ ਦੇਣ ਦੇ ਨਾਲ-ਨਾਲ ਟੀਬੀ ਮੁਕਤ ਰੁਤਬੇ ਦਾ ਸਨਮਾਨ ਦੇਣ, 60 ਫੀਸਦੀ ਟੀਬੀ ਕੇਸ ਘਟਾਉਣ ਵਾਲੇ ਜ਼ਿਲ੍ਹੇ ਨੂੰ ਗੋਲਡ ਵਰਗ ਦੇ ਤੌਰ ਉੱਤੇ 5 ਲੱਖ ਰੁਪਏ ਦੇਣ, 40 ਫੀਸਦੀ ਟੀਬੀ ਕੇਸ ਘਟਾਉਣ ਵਾਲੇ ਜ਼ਿਲ੍ਹੇ ਨੂੰ ਸਿਲਵਰ ਵਰਗ ਦੇ ਤੌਰ ਉੱਤੇ 3 ਲੱਖ ਰੁਪਏ ਦੇਣ ਅਤੇ 20 ਫੀਸਦੀ ਟੀਬੀ ਕੇਸ ਘਟਾਉਣ ਵਾਲੇ ਜ਼ਿਲ੍ਹੇ ਨੂੰ ਬਰਾਊਂਜ ਵਰਗ ਦੇ ਤੌਰ ਉੱਤੇ 2 ਲੱਖ ਰੁਪਏ ਦਾ ਐਵਾਰਡ ਦੇਣ ਦਾ ਐਲਾਨ ਕੀਤਾ ਹੋਇਆ ਸੀ।