ਸਹਾਇਕ ਉਪਕਰਣ ਵੰਡ ਸਮਾਗਮ ਦੌਰਾਨ ਜ਼ਿਲੇ ਦੇ 32 ਦਿਵਿਆਂਗ ਵਿਅਕਤੀਆਂ ਨੂੰ ਮਿਲੀਆਂ ਵੀਲ ਚੇਅਰਾਂ

ਜ਼ਿਲਾ ਪ੍ਰਸ਼ਾਸਨ ਦਿਵਿਆਂਗਜਨ ਦੀ ਭਲਾਈ ਲਈ ਹਮੇਸ਼ਾ ਤੱਤਪਰ-ਡੀ. ਸੀ

ਨਵਾਂਸ਼ਹਿਰ, 12 ਮਾਰਚ : (ਬਿਊਰੋ) ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਦਿਵਿਆਂਗ ਵਿਅਕਤੀਆਂ ਨੂੰ ਵੀਲ ਚੇਅਰਾਂ ਦੀ ਵੰਡ ਅਤੇ ਯੂ. ਡੀ. ਆਈ. ਡੀ. ਕਾਰਡ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਜ਼ਿਲੇ ਦੇ ਪੰਜ ਬਲਾਕਾਂ ਦੇ 32 ਦਿਵਿਆਂਗ ਵਿਅਕਤੀਆਂ ਨੂੰ ਵੀਲ ਚੇਅਰਾਂ ਦੀ ਵੰਡ ਕੀਤੀ ਗਈ। ਜ਼ਿਲਾ ਪ੍ਰਸ਼ਾਸਨ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ, ਜ਼ਿਲਾ ਰੈੱਡ ਕਰਾਸ ਸੁਸਾਇਟੀ ਅਤੇ 'ਸੈਂਟਰੀਐਂਟ ਫਾਰਮਾਸੂਟੀਕਲ ਇੰਡੀਆ ਪ੍ਰਾਈਵੇਟ ਲਿਮਟਿਡ ਟੋਂਸਾ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦੌਰਾਨ ਦਿਵਿਆਂਗ ਵਿਅਕਤੀਆਂ ਵੱਲੋਂ ਵੱਡੀ ਗਿਣਤੀ ਵਿਚ ਯੂ. ਡੀ. ਆਈ. ਡੀ ਕਾਰਡ ਬਣਵਾਉਣ ਲਈ ਫਾਰਮ ਵੀ ਭਰੇ ਗਏ। ਇਸ ਮੌਕੇ ਦਿਵਿਆਂਗ ਵਿਅਕਤੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦਿਵਿਆਂਗਜਨ ਦੀ ਭਲਾਈ ਲਈ ਹਮੇਸ਼ਾ ਤੱਤਪਰ ਹੈ ਅਤੇ ਇਸ ਸਬੰਧੀ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।  ਉਨਾਂ ਕਿਹਾ ਕਿ ਦਿਵਿਆਂਗਜਨ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ, ਇਸ ਲਈ ਉਨਾਂ ਦੀ ਬਿਹਤਰੀ ਲਈ ਸਹਿਯੋਗ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜਿੰਮੇਵਾਰੀ ਹੈ। ਉਨਾਂ ਜ਼ਿਲੇ ਦੇ ਸਮੂਹ ਦਿਵਿਆਂਗ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਯੂ. ਡੀ. ਆਈ. ਡੀ ਕਾਰਡ ਜ਼ਰੂਰ ਬਣਵਾਉਣ, ਤਾਂ ਜੋ ਉਨਾਂ ਨੂੰ ਸਾਰੀਆਂ ਸਰਕਾਰੀ ਸਕੀਮਾਂ ਦਾ ਲਾਭ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਮਿਲ ਸਕੇ। ਇਸ ਮੌਕੇ ਸੈਂਟਰੀਐਂਟ ਫਾਰਮਾਸੂਟੀਕਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਵਿਜਿਆ ਕੁਮਾਰ ਨੇ ਕਿਹਾ ਕਿ ਉਨਾਂ ਵੱਲੋਂ ਦਿਵਿਆਂਗਜਨ ਲਈ ਲੋੜ ਅਨੁਸਾਰ ਹਰੇਕ ਤਰਾਂ ਦੇ ਸਹਾਇਕ ਉਪਕਰਣ ਮੁਹੱਈਆ ਕਰਵਾਏ ਜਾਂਦੇ ਹਨ। ਉਨਾਂ ਕਿਹਾ ਕਿ ਜ਼ਿਲੇ ਦੇ ਲੋੜਵੰਦ ਦਿਵਿਆਂਗਜਨਾਂ ਨੂੰ ਭਵਿੱਖ ਵਿਚ ਵੀ ਹਰੇਕ ਤਰਾਂ ਦੀ ਸਹਾਇਤਾ ਯਕੀਨੀ ਬਣਾਈ ਜਾਵੇਗੀ। ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ ਵੱਲੋਂ ਆਏ ਹੋਏ ਸਮੂਹ ਮਹਿਮਾਨਾਂ ਅਤੇ ਦਿਵਿਆਂਗ ਵਿਅਕਤੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਜ਼ਿਲਾ ਨਾਜਰ ਹਰਪਾਲ ਸਿੰਘ, ਸੈਂਟਰੀਐਂਟ ਫਾਰਮਾਸੂਟੀਕਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਐਸੋਸੀਏਟ ਡਾਇਰੈਕਟਰ ਮਨੀਸ਼ ਅਗਰਵਾਲ ਤੇ ਸੰਜੇ ਮਲਹੋਤਰਾ, ਸੀ. ਐਸ. ਆਰ ਹੈੱਡ ਸ਼ਿਵ ਚਰਨ, ਸੀਨੀਅਰ ਸਹਾਇਕ ਸੁਰਜੀਤ ਸਿੰਘ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।  
ਕੈਪਸ਼ਨ :- ਦਿਵਿਆਂਗ ਵਿਅਕਤੀਆਂ ਨੂੰ ਵੀਲ ਚੇਅਰਾਂ ਦੀ ਵੰਡ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। ਨਾਲ ਹਨ ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਡਾਇਰੈਕਟਰ ਵਿਜੇ ਕੁਮਾਰ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ ਤੇ ਹੋਰ।