ਨਵਾਂਸ਼ਹਿਰ 12 ਮਾਰਚ (ਵਿਸ਼ੇਸ਼ ਪ੍ਰਤੀਨਿਧੀ) ਬੀਤੀ ਰਾਤ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਸਜਾਵਲ ਪੁਰ ਵਿਖੇ ਖੇਤੀ ਕਾਨੂੰਨਾਂ ਦੇ ਵਿਰੁੱਧ ਜਾਗੋ ਕੱਢੀ ਗਈ।ਪਿੰਡ ਦੀਆਂ ਔਰਤਾਂ ਦੀ ਅਗਵਾਈ ਵਿਚ ਕੱਢੀ ਗਈ ਇਸ ਜਾਗੋ ਵਿਚ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਪਿੰਡ ਵਿਚ ਵੱਖ ਵੱਖ ਪੜਾਵਾਂ ਤੇ ਯੂਨੀਅਨ ਦੇ ਆਗੂਆਂ ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ, ਧਰਮਿੰਦਰ ਸਿੰਘ, ਰਾਵਲ ਸਿੰਘ ਅਤੇ ਪਰਮਜੀਤ ਸਿੰਘ ਸ਼ਹਾਬਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਜਾਗੋਆਂ ਦਾ ਅਰਥ ਲੋਕਾਂ ਨੂੰ ਖੇਤੀ ਕਾਨੂੰਨਾਂ ਵਿਰੁੱਧ ਚੇਤਨ ਅਤੇ ਲਾਮਬੰਦ ਕਰਕੇ ਦਿੱਲੀ ਦੇ ਕਿਸਾਨੀ ਮੋਰਚੇ ਵਿਚ ਸ਼ਮੂਲੀਅਤ ਕਰਵਾਉਣਾ ਹੈ।ਉਹਨਾਂ ਕਿਹਾ ਕਿ ਕੋਈ ਵੀ ਘੋਲ ਔਰਤਾਂ ਦੀ ਸ਼ਮੂਲੀਅਤ ਤੋਂ ਬਗੈਰ ਜਿੱਤਣਾ ਮੁਸ਼ਕਿਲ ਹੁੰਦਾ ਹੈ ਪਰ ਜਿਸ ਮੋਰਚੇ ਵਿਚ ਔਰਤਾਂ ਦੀ ਭਰਵੀਂ ਸ਼ਮੂਲੀਅਤ ਹੋਵੇ ਉਹ ਮੋਰਚਾ ਲਾਜਮੀ ਤੌਰ ਉੱਤੇ ਜਿੱਤਿਆ ਜਾਂਦਾ ਹੈ। ਮੋਦੀ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਭਰਮ ਭੁਲੇਖੇ ਖੜੇ ਕਰਕੇ ਵੀ ਸਰਕਾਰ ਲੋਕਾਂ ਦੇ ਹੜ੍ਹ ਨੂੰ ਰੋਕ ਨਹੀਂ ਸਕਦੀ। ਹੁਣ ਇਹ ਘੋਲ ਦੇਸ਼ ਵਿਆਪੀ ਬਣ ਚੁੱਕਾ ਹੈ ਅਤੇ ਇਹ ਲਾਜਮੀ ਤੌਰ ਉੱਤੇ ਜੇਤੂ ਹੋਕੇ ਨਿਕਲੇਗਾ।
ਕੈਪਸ਼ਨ:ਪਿੰਡ ਸਜਾਵਲ ਪੁਰ ਵਾਸੀ ਜਾਗੋ ਕੱਢਦੇ ਹੋਏ।