ਨਵਾਂਸ਼ਹਿਰ, 26 ਮਾਰਚ :(ਪ੍ਰਤੀਨਿਧੀ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਦੁਕਾਨਾਂ ਅਤੇ ਫੈਕਟਰੀਆਂ ਵਿਚ ਜਾਂ ਫਿਰ ਨਿੱਜੀ ਤੌਰ 'ਤੇ ਪਲੰਬਰ ਦਾ ਕੰਮ ਕਰ ਰਹੇ ਵਿਅਕਤੀਆਂ, ਜਿਨਾਂ ਕੋਲ ਕੋਈ ਵੀ ਮਾਨਤਾ ਪ੍ਰਾਪਤ ਸਰਟੀਫਿਕੇਟ ਨਹੀਂ ਹੈ, ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸਰਟੀਫਿਕੇਟ ਹਾਸਲ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਆਰ. ਪੀ. ਐਲ ਸਕੀਮ ਅਧੀਨ ਪਲੰਬਰ ਦਾ ਕੰਮ ਕਰ ਰਹੇ ਵਿਅਕਤੀਆਂ ਨੂੰ ਤਿੰਨ ਦਿਨਾਂ ਦੀ ਐਡਵਾਂਸ ਟ੍ਰੇਨਿੰਗ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਦੌਰਾਨ ਉਨਾਂ ਨੂੰ ਆਧੁਨਿਕ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਟ੍ਰੇਨਿੰਗ ਮੁਕੰਮਲ ਕਰਨ 'ਤੇ ਹਰੇਕ ਪ੍ਰਾਰਥੀ ਨੂੰ 500 ਰੁਪਏ ਦੀ ਰਾਸ਼ੀ ਵੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸਰਟੀਫਿਕੇਟ ਹਾਸਲ ਕਰਨ ਦੇ ਚਾਹਵਾਨ ਪ੍ਰਾਰਥੀ ਆਪਣੇ ਆਧਾਰ ਕਾਰਡ ਦੀ ਕਾਪੀ, ਬੈਂਕ ਖਾਤਾ ਨੰਬਰ, ਦੋ ਪਾਸਪੋਰਟ ਸਾਈਜ਼ ਫੋਟੋਆਂ ਸਮੇਤ ਆਪਣੀਆਂ ਅਰਜ਼ੀਆਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੀ ਤੀਸਰੀ ਮੰਜ਼ਿਲ 'ਤੇ ਕਮਰਾ ਨੰਬਰ 413 ਵਿਚ ਮਿਤੀ 30 ਮਾਰਚ 2021 ਤੱਕ ਜਮਾ ਕਰਵਾ ਸਕਦੇ ਹਨ।
ਫੋਟੋ :-ਅਮਰਦੀਪ ਸਿੰਘ ਬੈਂਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)।