ਨਵਾਂਸ਼ਹਿਰ 'ਚ ਜਾਗੋ ਕੱਢਕੇ 23 ਮਾਰਚ ਨੂੰ ਖੱਟਕੜ ਕਲਾਂ ਪਹੁੰਚਣ ਦਾ ਸੱਦਾ ਦਿੱਤਾ

ਨਵਾਂਸ਼ਹਿਰ 21 ਮਾਰਚ (ਬਿਊਰੋ) ਕਿਰਤੀ ਕਿਸਾਨ ਯੂਨੀਅਨ ਵਲੋਂ ਨਵਾਂਸ਼ਹਿਰ ਵਿਚ ਜਾਗੋ ਕੱਢਕੇ 23 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਖੱਟਕੜ ਵਿਖੇ ਕੀਤੀ ਜਾ ਰਹੀ ਕਾਨਫਰੰਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।ਔਰਤਾਂ ਦੀ ਅਗਵਾਈ ਵਿਚ ਕੱਢੀ ਗਈ ਇਹ ਜਾਗੋ ਗੁਰਦੁਆਰਾ ਰਵਿਦਾਸ ਜੀ ਤੋਂ ਸ਼ੁਰੂ ਹੋਈ।ਸ਼ਹਿਰ ਦੇ ਬਾਜਾਰਾਂ ਵਿਚੋਂ ਲੰਘਕੇ ਚੰਡੀਗੜ੍ਹ ਚੌਂਕ ਵਿਚ ਸਮਾਪਤ ਹੋਈ ਜਿਸਨੂੰ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ,ਸਿਮਰਨਜੀਤ ਕੌਰ ਸਿੰਮੀ, ਜਸਬੀਰ ਦੀਪ, ਰੁਪਿੰਦਰ ਕੌਰ ਦੁਰਗਾ ਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਵਿਰੁੱਧ ਕੀਤੀ ਜਾ ਰਹੀ ਕਾਨਫਰੰਸ ਰਾਹੀਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ । ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਘੋਲ ਹੁਣ ਜਨ ਅੰਦੋਲਨ ਬਣ ਚੁੱਕਾ ਹੈ ਜਿਸਨੂੰ ਮੋਦੀ ਸਰਕਾਰ ਲਈ ਅਣਗੌਲਿਆਂ ਕਰਨਾ ਆਤਮਘਾਤੀ ਕਦਮ ਹੋਵੇਗਾ।ਉਹਨਾਂ ਮਜਦੂਰ ਵਰਗ ਨੂੰ ਇਸ ਘੋਲ ਵਿਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਕਾਨੂੰਨ ਸਿਰਫ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਇਹ ਮਜਦੂਰ ਵਰਗ ਅਤੇ ਮੱਧਵਰਗ ਲਈ ਵੀ ਘਾਤਕ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਆਉਂਦੇ ਹਰ ਸੱਦੇ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇ।
ਕੈਪਸ਼ਨ:- ਨਵਾਂਸ਼ਹਿਰ ਵਿਚ ਔਰਤਾਂ ਜਾਗੋ ਕੱਢਦੀਆਂ ਹੋਈਆਂ।