ਨਵਾਂਸ਼ਹਿਰ 6 ਮਾਰਚ (ਵਿਸ਼ੇਸ਼ ਪ੍ਰਤੀਨਿਧੀ)ਅੱਜ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਸ੍ਰੀ ਸੋਮ ਲਾਲ ਜੀ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਵਿਖੇ ਹੋਈ। ਮੀਟਿੰਗ ਵਿਚ ਸਭ ਤੋਂ ਪਹਿਲਾਂ ਸਰਬਸੰਮਤੀ ਨਾਲ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਸਰਬਸੰਮਤੀ ਨਾਲ ਸ੍ਰੀ ਸੋਮ ਲਾਲ ਜੀ ਬਲਾਚੌਰ ਨੂੰ ਪ੍ਰਧਾਨ, ਸ੍ਰੀ ਜੀਤ ਲਾਲ ਜੀ ਗੋਹਲੜੋਂ ਨੂੰ ਜਨਰਲ ਸਕੱਤਰ ਅਤੇ ਸ੍ਰੀ ਅਸ਼ੋਕ ਕੁਮਾਰ ਜੀ ਨਵਾਂ ਸ਼ਹਿਰ ਨੂੰ ਵਿੱਤ ਸਕੱਤਰ ਚੁਣਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰਦਿਆਲ ਸਿੰਘ ਜਗਤਪੁਰ, ਸ੍ਰੀ ਰਾਮਪਾਲ ਕਨੌਣ, ਸ੍ਰੀ ਰਾਮ ਮਿੱਤਰ ਕੋਹਲੀ, ਸ੍ਰੀ ਕਰਨੈਲ ਸਿੰਘ ਰਾਹੋਂ ਅਤੇ ਸ੍ਰੀ ਹਰੀ ਬਿਲਾਸ ਜੀ ਬੰਗਾ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਅੱਗੇ ਪਾਉਣ, ਡੀਏ ਦੀਆਂ ਕਿਸ਼ਤਾਂ ਜਾਮ ਕਰਨ ਅਤੇ ਬਕਾਏ ਜਾਮ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਅਤੇ ਮੁਲਾਜ਼ਮਾਂ /ਪੈਨਸ਼ਨਰਾਂ ਦੀਆਂ ਰਹਿੰਦੀਆਂ ਅਨੇਕਾਂ ਮੰਗਾਂ ਪੂਰੀਆਂ ਨਾ ਕਰਨ ਲਈ ਪੰਜਾਬ ਸਰਕਾਰ ਦੀ ਖੁੱਲ੍ਹ ਕੇ ਨਿੰਦਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਕਾਂਗਰਸ ਸਰਕਾਰ ਵੱਲੋਂ ਵਿਭਾਗਾਂ ਦੇ ਪੁਨਰਗਠਨ ਦੇ ਨਾਂ ਤੇ ਹਜ਼ਾਰਾਂ ਪੋਸਟਾਂ ਖਤਮ ਕਰ ਦਿੱਤੀਆਂ ਹਨ, ਕੇਂਦਰ ਦੀ ਭਾਜਪਾ ਸਰਕਾਰ ਵਾਂਗ ਪੰਜਾਬ ਦੀ ਕਾਂਗਰਸ ਸਰਕਾਰ ਵੀ ਜਨਤਕ ਖੇਤਰ ਦੇ ਅਦਾਰਿਆਂ ਨੂੰ ਖਤਮ ਕਰ ਰਹੀ ਹੈ ਜਿਸ ਨਾਲ ਆਮ ਲੋਕਾਂ ਨੂੰ ਸੇਵਾਵਾਂ ਦੇਣ ਵਾਲੇ ਅਦਾਰੇ ਖ਼ਤਮ ਕਰਕੇ ਨਵੀਂ ਪੀੜ੍ਹੀ ਲਈ ਰੁਜ਼ਗਾਰ ਦੇ ਮੌਕੇ ਖ਼ਤਮ ਕੀਤੇ ਜਾ ਰਹੇ ਹਨ। ਮੀਟਿੰਗ ਵਿੱਚ ਅਵਤਾਰ ਸਿੰਘ ਛੋਕਰਾਂ, ਪਿਆਰਾ ਸਿੰਘ ਛੋਕਰਾਂ, ਰੇਸ਼ਮ ਲਾਲ, ਜਰਨੈਲ ਸਿੰਘ, ਹਰਮੇਸ਼ ਲਾਲ, ਹੁਸਨ ਲਾਲ, ਕੁਲਦੀਪ ਸਿੰਘ, ਅਮਰਜੀਤ ਸਿੰਘ ਨਵਾਂਸ਼ਹਿਰ, ਕੇਵਲ ਰਾਮ, ਜਸਵੀਰ ਸਿੰਘ ਮੰਗੂਵਾਲ ਆਦਿ ਹਾਜ਼ਰ ਸਨ। ਅੰਤ ਵਿਚ ਸ੍ਰੀ ਸੋਮ ਲਾਲ ਜੀ ਨੇ ਮੀਟਿੰਗ ਵਿੱਚ ਹਾਜ਼ਰ ਪੈਨਸ਼ਨਰਾਂ ਦਾ ਧੰਨਵਾਦ ਕੀਤਾ