ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਬਾਗਬਾਨੀ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਘਰੇਲੂ ਬਗੀਚੀ ਸਬੰਧੀ ਕੈਂਪ


 ਨਵਾਂਸ਼ਹਿਰ : 8 ਮਾਰਚ (ਖੇਤੀਬਾੜੀ ਪ੍ਰਤੀਨਿਧੀ) ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਬਾਗਬਾਨੀ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਘਰੇਲੂ ਬਗੀਚੀ ਸਬੰਧੀ ਕੈਂਪ ਪਿੰਡ ਹੁਸੈਨਪੁਰ ਬਲਾਕ ਨਵਾਂਸ਼ਹਿਰ ਵਿੱਚ ਲਗਾਏ ਗਏ ਕੈਂਪ ਵਿੱਚ ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਬਾਗਬਾਨੀ ਡਾ.ਜਗਦੀਸ਼ ਸਿੰਘ ਕਾਹਮਾ ਨੇ ਵਿਚਾਰ ਪ੍ਰਗਟ ਕਰਦੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਤੰਦਰੁਸਤੀ ਲਈ ਸੰਤੁਲਤ ਖੁਰਾਕ ਅਤਿ ਜਰੂਰੀ ਹੈ। ਅੱਜ ਕੱਲ ਹਰ ਵਿਅਕਤੀ ਵਿੱਚ ਖੁਰਾਕੀ ਤੱਤਾਂ ਦੀ ਘਾਟ ਬੜੀ ਬੜੀ ਆਮ ਜਿਹੀ ਗੱਲ ਹੋ ਗਈ ਹੈ। ਖੋਜਾਂ ਅਨੁਸਾਰ ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗ੍ਰਾਮ ਸਬਜ਼ੀਆਂ(120 ਗ੍ਰਾਮ ਹਰੇ ਪੱਤੇ ਵਾਲਿਆਂ, 90 ਗ੍ਰਾਮ ਜੜ੍ਹਾਂ ਵਾਲੀਆਂ ਅਤੇ 90 ਗ੍ਰਾਮ ਬਾਕੀ ਸਬਜ਼ੀਆਂ) ਅਤੇ 100 ਗ੍ਰਾਮ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਪਰ ਅਸੀਂ ਕੇਵਲ 180 ਗ੍ਰਾਮ ਸਬਜ਼ੀਆਂ ਅਤੇ 40 ਗ੍ਰਾਮ ਫਲ ਹੀ ਖਾਂਦੇ ਹਾਂ। ਜ਼ਿਆਦਾਤਰ ਖੁਰਾਕ ਵਿੱਚ ਅਨਾਜ ਦੀ ਵਰਤੋਂ ਹੀ ਕੀਤੀ ਜਾਂਦੀ ਹੈ। ਬਾਗਬਾਨੀ ਵਿਭਾਗ ਵਲੋਂ ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਸਬਜ਼ੀ ਬੀਜ ਕਿੱਟਾਂ ਤਿਆਰ ਕਰਕੇ ਦਿੱਤੀਆਂ ਜਾਂਦੀਆਂ ਹਨ। ਇਹ ਕਿੱਟ ਪੰਜ ਮਰਲੇ ਜਗਹ ਲਈ ਕਾਫੀ ਹੈ ਅਤੇ ਛੇ ਜੀਆਂ ਦੇ ਪਰਿਵਾਰ ਲਈ 350 ਕਿਲੋ ਸਬਜ਼ੀ ਤਾਜੀ, ਸਸਤੀ ਅਤੇ ਜਹਿਰਾਂ ਤੋਂ ਰਹਿਤ ਪੈਦਾ ਹੋ ਜਾਂਦੀ ਹੈ, ਜੋ ਕਿ ਪਰਿਵਾਰ ਦੀ ਛੇ ਮਹੀਨੀਆਂ ਦੀ ਲੋੜ ਨੂੰ ਪੂਰਾ ਕਰ ਦਿੰਦੀ ਹੈ। ਸਬਜ਼ੀਆਂ ਵਿਟਾਮਨ ਏ ਅਤੇ ਸੀ ਦਾ ਉਤਮ ਕੁਦਰਤੀ ਸੋਮਾ ਹਨ। ਇਨ੍ਹਾਂ ਵਿੱਚ ਵਿਟਾਮਨ ਬੀ, ਬੀ-2, ਕੈਲਸ਼ੀਅਮ, ਲੋਹਾ ਅਤੇ ਫਾਸਫੋਰਸ ਕਾਫੀ ਮਾਤਰਾ ਵਿੱਚ ਹੁੰਦਾ ਹੈ। ਸਬਜ਼ੀਆਂ ਦੇ ਸੇਵਨ ਨਾਲ ਸਾਡੀ ਪਾਚਨ ਸ਼ਕਤੀ ਵੱਧਦੀ ਹੈ ਅਤੇ ਕਬਜ਼ ਦੂਰ ਹੁੰਦੀ ਹੈ। ਇਨ੍ਹਾਂ ਵਿੱਚ ਐਨਟੀ ਆਕਸੀਡੈਂਟਸ, ਫਾਈਟੋਕੈਮੀਕਲਜ਼ ਅਤੇ ਕੋਈ ਹੋਰ ਕੀਮਤੀ ਪਦਾਰਥ ਪਾਏ ਜਾਂਦੇ ਹਨ, ਜੋ ਸਾਨੂੰ ਨਿਰੋਗ ਰੱਖਣ ਵਿੱਚ ਮਦਦ ਕਰਦੇ ਹਨ। ਇਸ ਲਈ ਮਿਲ ਕੇ ਹਮਲਾ ਮਾਰੀਏ ਅਤੇ ਘਰ ਘਰ ਘਰੇਲੂ ਬਗੀਚੀ ਲਗਾਈਏ। ਇਸ ਸਮੇਂ ਮੌਜੂਦ ਕਿਸਾਨ ਔਰਤਾ ਨੂੰ ਬਾਗਬਾਨੀ ਵਿਭਾਗ ਵਲੋਂ 31 ਗਰਮੀ ਰੁੱਤ ਦੀਆਂ ਸਬਜ਼ੀ ਬੀਜ ਦੀਆਂ ਮਿੰਨੀ ਕਿੱਟਾਂ ਆਤਮਾ ਸਕੀਮ ਅਧੀਨ ਵੰਡੀਆਂ ਗਈਆਂ। ਇਸ ਸਮੇਂ ਪਰਮਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਅਤੇ ਰਾਜੇਸ਼ ਕੁਮਾਰ ਬਾਗਬਾਨੀ ਵਿਕਾਸ ਅਫਸਰ, ਬ੍ਰਹਮ ਕੁਮਾਰ, ਅਮਨਦੀਪ ਕੌਰ(ਬਾਗਬਾਨੀ ਵਿਭਾਗ ਤੋਂ), ਸ਼੍ਰੀਮਤੀ ਤਰਸੇਮ ਕੌਰ ਸਰਪੰਚ, ਮੋਹਣ ਲਾਲ ਸਾਬਕਾ ਸਰਪੰਚ, ਪ੍ਰਵੀਨ ਕੁਮਾਰੀ, ਸੰਦੀਪ ਕੌਰ, ਜਗੀਰ ਕੌਰ, ਰੇਸ਼ਮ ਕੌਰ, ਨਿਰੰਜਣ ਕੌਰ,ਮਨਜੀਤ ਕੌਰ ਆਦਿ ਹਾਜ਼ਰ ਸਨ।

Virus-free. www.avast.com