ਜ਼ਿਲੇ ਵਿਚ ਮਹਿਲਾ ਸਸ਼ਕਤੀਕਰਨ ਲਈ ਕੀਤੇ ਜਾ ਰਹੇ ਹਨ ਅਹਿਮ ਤੇ ਨਿਵੇਕਲੇ ਉਪਰਾਲੇ-ਦੀਪਜੋਤ ਕੌਰ

ਕੌਮਾਂਤਰੀ ਮਹਿਲਾ ਦਿਵਸ ਮੌਕੇ 51 ਥਾਵਾਂ 'ਤੇ ਹੋਏ ਵਰਚੁਅਲ ਸਮਾਗਮ

ਨਵਾਂਸ਼ਹਿਰ, 8 ਮਾਰਚ : (ਬਿਊਰੋ) ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲੇ ਵਿਚ 51 ਵੱਖ-ਵੱਖ ਥਾਵਾਂ 'ਤੇ ਵਰਚੁਅਲ ਸਮਾਗਮ ਕਰਵਾਏ ਗਏ, ਜਿਨਾਂ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ ਵੱਲੋਂ ਆਨਲਾਈਨ ਸ਼ਿਰਕਤ ਕਰ ਕੇ ਰਾਜ ਪੱਧਰੀ ਸਮਾਗਮ ਜੁੜਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਮੰਤਰੀ ਸਾਹਿਬਾਨ ਦੇ ਵਿਚਾਰ ਸੁਣੇ। ਇਸ ਮੌਕੇ ਜਿਥੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਮੂਹ ਆਂਗਨਵਾੜੀ ਸੈਂਟਰਾਂ ਵਿਚ ਪੋਸ਼ਣ ਗੋਦ ਭਰਾਈ ਦੀ ਰਸਮ ਅਦਾ ਕੀਤੀ ਗਈ ਅਤੇ ਰੈਲੀਆਂ ਕੱਢੀਆਂ ਗਈਆਂ, ਉਥੇ ਮਹਿਲਾ ਸਸ਼ਕਤੀਕਰਨ ਸਬੰਧੀ ਵਿਦਿਆਰਥੀਆਂ ਦੇ ਲੇਖ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ। 
ਇਸ ਮੌਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਹਾਇਕ ਕਮਿਸ਼ਨਰ ਦੀਪਜੋਤ ਕੌਰ ਦੀ ਪ੍ਰਧਾਨਗੀ ਹੇਠ ਹੋਏ ਜ਼ਿਲਾ ਪੱਧਰੀ ਸਮਾਗਮ ਵਿਚ ਵੱਖ-ਵੱਖ ਵਿਭਾਗਾਂ ਦੀਆਂ ਮਹਿਲਾ ਅਫ਼ਸਰਾਂ ਵੱਲੋਂ ਵੀ ਰਾਜ ਪੱਧਰੀ ਸਮਾਗਮ ਵਿਚ ਆਨਲਾਈਨ ਸ਼ਿਰਕਤ ਕੀਤੀ ਗਈ। ਇਸ ਮੌਕੇ ਸਹਾਇਕ ਕਮਿਸ਼ਨਰ ਦੀਪਜੋਤ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ਜ਼ਿਲੇ ਵਿਚ ਮਹਿਲਾ ਸਸ਼ਕਤੀਕਰਨ ਲਈ ਅਹਿਮ ਅਤੇ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸ ਤਹਿਤ ਜ਼ਿਲੇ ਦੀਆਂ ਹੋਣਹਾਰ ਬੱਚੀਆਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਲਈ ਮੁਫ਼ਤ ਆਨਲਾਈਨ ਕੋਚਿੰਗ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਉਹ ਮੁਕਾਬਲੇ ਦੇ ਇਸ ਯੁੱਗ ਵਿਚ ਕਿਸੇ ਪੱਖੋਂ ਵੀ ਘੱਟ ਨਾ ਰਹਿਣ। ਉਨਾਂ ਦੱਸਿਆ ਕਿ ਇਨਾਂ ਕੋਚਿੰਗ ਕਲਾਸਾਂ ਲਈ 200 ਬੱਚੀਆਂ ਦਾ ਪਹਿਲਾ ਬੈਚ ਸ਼ੁਰੂ ਹੋ ਚੁੱਕਾ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਮੈਡੀਕਲ ਸਟਰੀਮ ਦੀਆਂ ਬਾਰਵੀਂ ਜਮਾਤ ਦੀਆਂ ਲੜਕੀਆਂ ਨੂੰ 'ਨੀਟ' ਪ੍ਰੀਖਿਆ ਲਈ ਵੀ ਮੁਫ਼ਤ ਕੋਚਿੰਗ ਮੁਹੱਈਆ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨਾਂ ਦੱਸਿਆ ਕਿ ਬੱਚੀਆਂ ਨੂੰ ਸਵੈ-ਰੱਖਿਆ ਲਈ ਮਾਰਸ਼ਲ ਆਰਟ ਦੀ ਟ੍ਰੇਨਿੰਗ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਲੜਕੀਆਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਏ ਜਾ ਰਹੇ ਹਨ, ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜੀਆਂ ਹੋ ਕੇ ਸਵੈ-ਨਿਰਭਰ ਬਣ ਸਕਣ। ਉਨਾਂ ਦੱਸਿਆ ਕਿ ਜ਼ਿਲੇ ਦੇ ਸਵੈ-ਸਹਾਈ ਗਰੁੱਪਾਂ ਨੂੰ ਉਤਸ਼ਾਹਿਤ ਕਰਨ ਲਈ ਇਨਾਂ ਦੀਆਂ ਮੈਂਬਰ ਔਰਤਾਂ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਸਾਂਝਾ ਸਥਾਈ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ, ਜਿਥੇ ਇਹ ਔਰਤਾਂ ਆਪਣੇ ਤਿਆਰ ਉਤਪਾਦਾਂ ਦੀ ਵਿਕਰੀ ਕਰ ਸਕਦੀਆਂ ਹਨ। ਉਨਾਂ ਦੱਸਿਆ ਕਿ ਇਸ ਸਬੰਧੀ ਜ਼ਿਲੇ ਦੇ ਵੱਖ-ਵੱਖ ਸੈਲਫ ਹੈਲਪ ਗਰੁੱਪਾਂ ਨੂੰ ਇਕ ਮੰਚ 'ਤੇ ਲਿਆਂਦਾ ਗਿਆ ਹੈ। 
ਇਸ ਮੌਕੇ ਉਨਾਂ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਗੋਲਡਨ ਗਲੋਬ ਇੰਪੈਕਸ ਪ੍ਰਾਈਵੇਟ ਲਿਮਟਿਡ ਵਿਚ 1.80 ਲੱਖ ਪੈਕੇਜ 'ਤੇ ਨੌਕਰੀ ਹਾਸਲ ਕਰਨ ਵਾਲੀਆਂ ਦਿਵਿਆ ਪੁੱਤਰੀ ਸੁਨੀਲ ਸੂਰੀ ਅਤੇ ਅਮਨਜੋਤ ਕੌਰ ਪੁੱਤਰੀ ਗੁਰਮੁੱਖ ਸਿੰਘ ਦਾ ਸਨਮਾਨ ਵੀ ਕੀਤਾ। 
  ਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਏ ਗਏ ਲੇਖ ਮੁਕਾਬਲਿਆਂ ਵਿਚ ਜ਼ਿਲੇ ਦੇ 250 ਵਿਦਿਆਰਥੀਆਂ ਨੇ ਭਾਗ ਲਿਆ, ਜਿਨਾਂ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਪੂਜਾ ਨੇ ਪਹਿਲਾ, ਕਾਹਮਾ ਸਕੂਲ ਦੀ ਗਿਆਰਵੀਂ ਜਮਾਤ ਦੀ ਰਮਨਪ੍ਰੀਤ ਕੌਰ ਨੇ ਦੂਸਰਾ ਅਤੇ ਕਰੀਹਾ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਥਣ ਰਾਧਾ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰਾਂ ਪੋਸਟਰ ਮੇਕਿੰਗ ਮੁਕਾਬਲਿਆਂ ਵਿਚ 335 ਵਿਦਿਆਰਥੀਆਂ ਨੇ ਭਾਗ ਲਿਆ, ਜਿਨਾਂ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦੀਪੁਰ ਦੇ ਨੌਵੀਂ ਜਮਾਤ ਦੇ ਗੁਰਦੀਪ ਸਿੰਘ ਨੇ ਪਹਿਲਾ, ਕਰਨਾਣਾ ਸਕੂਲ ਦੀ ਬਾਰਵੀਂ ਦੀ ਮਨਦੀਪ ਕੌਰ ਨੇ ਦੂਸਰਾ ਅਤੇ ਬਾਗੋਵਾਲ ਸਕੂਲ ਦੀ ਕਿਰਨ ਨੇ ਤੀਸਰਾ ਸਥਾਨ ਹਾਸਲ ਕੀਤਾ।  
ਇਸ ਮੌਕੇ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਜ਼ਿਲਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਰੁਪਿੰਦਰ ਕੌਰ, ਸੀ. ਡੀ. ਪੀ. ਓ ਬਲਾਚੌਰ ਪੰਕਜ ਸ਼ਰਮਾ, ਸੀ. ਡੀ. ਪੀ. ਓ ਸੜੋਆ ਜਸਵਿੰਦਰ ਕੌਰ, ਸਖੀ ਵਨ ਸਟਾਪ ਸੈਂਟਰ ਦੇ ਸੈਂਟਰ ਐਡਮਨਿਸਟ੍ਰੇਟਰ ਮਨਜੀਤ ਕੌਰ, ਸੁਪਰਡੈਂਟ ਨਿਰਮਲਾ ਦੇਵੀ, ਦੀਪ ਸ਼ਿਖਾ, ਰੋਹਿਤਾ, ਰਾਜ ਕੁਮਾਰ ਤੇ ਹੋਰ ਹਾਜ਼ਰ ਸਨ। 
ਕੈਪਸ਼ਨ :- ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਵਧੀਆ ਪੈਕੇਜ 'ਤੇ ਨੌਕਰੀ ਹਾਸਲ ਕਰਨ ਵਾਲੀਆਂ ਬੱਚੀਆਂ ਨੂੰ ਸਨਮਾਨਿਤ ਕਰਦੇ ਹੋਏ ਸਹਾਇਕ ਕਮਿਸ਼ਨਰ ਦੀਪਜੋਤ ਕੌਰ। ਨਾਲ ਹਨ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਜ਼ਿਲਾ ਰੋਜ਼ਗਾਰ ਅਫ਼ਸਰ ਰੁਪਿੰਦਰ ਕੌਰ ਤੇ ਹੋਰ। 

Virus-free. www.avast.com