ਨਵਾਂਸ਼ਹਿਰ, 8 ਮਾਰਚ : (ਬਿਊਰੋ) ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਬਜਟ ਦੀ ਸ਼ਲਾਘਾ ਕਰਦਿਆਂ ਹਲਕਾ ਨਵਾਂਸ਼ਹਿਰ ਦੇ ਨੌਜਵਾਨ ਵਿਧਾਇਕ ਅੰਗਦ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਜਟ ਸੂਬੇ ਦੀ ਤਰੱਕੀ ਅਤੇ ਹਰੇਕ ਵਰਗ ਦੀ ਭਲਾਈ ਨੂੰ ਮੁੱਖ ਰੱਖਦਿਆਂ ਬਹੁਤ ਹੀ ਬਾਰੀਕੀ ਨਾਲ ਸੋਚ-ਸਮਝ ਕੇ ਤਿਆਰ ਕੀਤਾ ਗਿਆ ਹੈ, ਜਿਸ ਨਾਲ ਜਿਥੇ ਸੂਬੇ ਦਾ ਸਰਬਪੱਖੀ ਵਿਕਾਸ ਯਕੀਨੀ ਬਣੇਗਾ, ਉਥੇ ਪੰਜਾਬ ਦੇ ਹਰੇਕ ਵਰਗ ਨੂੰ ਵੀ ਵੱਡਾ ਲਾਭ ਮਿਲੇਗਾ। ਉਨਾਂ ਕਿਹਾ ਕਿ ਬੱਜਟ ਵਿਚ ਸੁਸਾਇਟੀਆਂ ਦੇ ਕਰਜ਼ੇ ਮੁਆਫ਼ ਕਰਨ ਲਈ ਰੱਖੇ ਗਏ 550 ਕਰੋੜ ਰੁਪਏ ਗਰੀਬਾਂ ਲਈ ਵੱਡਾ ਸਹਾਰਾ ਬਣਨਗੇ। ਇਸੇ ਤਰਾਂ ਆਸ਼ੀਰਵਾਦ ਸਕੀਮ ਨੂੰ 21 ਹਜ਼ਾਰ ਰੁਪਏ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰਨਾ ਅਤੇ ਬੁਢਾਪਾ ਪੈਨਸ਼ਨ ਵਿਚ ਵੀ ਭਾਰੀ ਵਾਧਾ ਕਰਨਾ ਪੰਜਾਬ ਸਰਕਾਰ ਦੇ ਅਸਲ ਲੋਕ ਹਿਤੈਸ਼ੀ ਹੋਣ ਦਾ ਪ੍ਰਤੱਖ ਪ੍ਰਮਾਣ ਹੈ। ਉਨਾਂ ਕਿਹਾ ਕਿ ਅੱਜ ਕੌਮਾਂਤਰੀ ਮਹਿਲਾ ਦਿਵਸ 'ਤੇ ਕੈਪਟਨ ਸਰਕਾਰ ਵੱਲੋਂ ਅਸਲ ਵਿਚ ਮਹਿਲਾਵਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਸਰਕਾਰੀ ਬੱਸਾਂ ਵਿਚ ਉਨਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ, ਜੋ ਕਿ ਮਹਿਲਾ ਸਸ਼ਕਤੀਕਰਨ ਵੱਲ ਇਕ ਵੱਡਾ ਕਦਮ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਵੀ ਤੋਹਫ਼ਾ ਦਿੰਦਿਆਂ ਇਥੇ ਪੁਲਿਸ ਲਾਈਨ ਸਥਾਪਿਤ ਕਰਨ ਲਈ 13 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਿਸ ਨਾਲ ਜ਼ਿਲਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਉਨਾਂ ਕਿਹਾ ਕਿ ਇਸ ਨਾਲ ਜ਼ਿਲਾ ਦਾ ਬੁਨਿਆਦੀ ਢਾਂਚਾ ਹੋਰ ਵਧੀਆ ਬਣੇਗਾ ਅਤੇ ਜ਼ਿਲਾ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂਹੇਗਾ।
ਫੋਟੋ :- ਅੰਗਦ ਸਿੰਘ, ਵਿਧਾਇਕ ਨਵਾਂਸ਼ਹਿਰ।
ਫੋਟੋ :- ਅੰਗਦ ਸਿੰਘ, ਵਿਧਾਇਕ ਨਵਾਂਸ਼ਹਿਰ।