ਸ਼ਹੀਦ ਭਗਤ ਸਿੰਘ ਨਗਰ ਵਿਚ ਪੁਲਿਸ ਲਾਈਨ ਲਈ ਬਜਟ ਵਿਚ 13 ਕਰੋੜ ਰੱਖਣ ਨਾਲ ਜ਼ਿਲਾ ਵਾਸੀਆਂ ਦੀ ਮੰਗ ਹੋਈ ਪੂਰੀ-ਚੇਅਰਮੈਨ ਪੱਲੀ ਝਿੱਕੀ

ਨਵਾਂਸ਼ਹਿਰ 8 ਮਾਰਚ : (ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ ਬਜਟ ਜਿਥੇ ਸੂਬੇ ਦੇ ਸਰਬਪੱਖੀ ਵਿਕਾਸ ਵਾਲਾ ਹੈ, ਉਥੇ ਸਮਾਜ ਦੇ ਹਰੇਕ ਵਰਗ ਨੂੰ ਵੱਡਾ ਫਾਇਦਾ ਦੇਣ ਵਾਲਾ ਹੈ। ਇਹ ਪ੍ਰਗਟਾਵਾ ਕਰਦਿਆਂ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਇਸ ਬਜਟ ਵਿਚ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੁਲਿਸ ਲਾਈਨ ਸਥਾਪਿਤ ਕਰਨ ਲਈ 13 ਕਰੋੜ ਰੁਪਏ ਰੱਖੇ ਗਏ ਹਨ, ਜਿਸ ਨਾਲ ਜ਼ਿਲਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਉਨਾਂ ਕਿਹਾ ਕਿ ਇਸ ਨਾਲ ਜ਼ਿਲੇ ਦੀ ਸੁਰੱਖਿਆ ਹੋਰ ਪੁਖ਼ਤਾ ਹੋਵੇਗੀ ਅਤੇ ਪੁਲਿਸ ਮਹਿਕਮੇ ਨੂੰ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਹੋਵੇਗਾ। ਉਨਾਂ ਕਿਹਾ ਕਿ ਬਜਟ ਵਿਚ ਆਸ਼ੀਰਵਾਦ ਸਕੀਮ ਅਤੇ ਬੁਢਾਪਾ ਪੈਨਸ਼ਨ ਵਿਚ ਵੱਡਾ ਵਾਧਾ ਕਰਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੋਕ ਪੱਖੀ ਸੁਹਿਰਦ ਸੋਚ ਦਾ ਨਤੀਜਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਸਰਕਾਰੀ ਬੱਸਾਂ ਵਿਚ ਮੁਫ਼ਤ ਸਫਰ ਦੀ ਸਹੂਲਤ ਦੇ ਕੇ ਇਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ, ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਉਨਾਂ ਕਿਹਾ ਕਿ ਇਸ ਨਾਲ ਮਹਿਲਾਵਾਂ ਨੂੰ ਸਫਰ ਸਬੰਧੀ ਵੱਡੀ ਸਹੂਲਤ ਮਿਲੇਗੀ ਅਤੇ ਉਨਾਂ ਦੇ ਆਤਮ ਸਨਮਾਨ ਵਿਚ ਵਾਧਾ ਹੋਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਸੂਬੇ ਦਾ ਵੱਡੇ ਪੱਧਰ 'ਤੇ ਵਿਕਾਸ ਕਰਵਾਇਆ ਗਿਆ ਹੈ। ਉਨਾਂ ਇਸ ਵਿਕਾਸ ਮੁਖੀ ਤੇ ਲੋਕ ਪੱਖੀ ਬਜਟ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕੀਤਾ।
ਫੋਟੋ :- ਸਤਵੀਰ ਸਿੰਘ ਪੱਲੀ ਝਿੱਕੀ, ਚੇਅਰਮੈਨ ਜ਼ਿਲਾ ਯੋਜਨਾ ਕਮੇਟੀ।