ਐਸ.ਐਸ.ਪੀ. ਵਿਕਰਮ  ਜੀਤ ਦੁੱਗਲ ਵੱਲੋਂ ਥਾਣਾ ਸਿਟੀ ਰਾਜਪੁਰਾ ਦਾ ਐਸ.ਐਚ.ਓ. ਮੁਅੱਤਲ
-ਇੱਕ ਐਸ.ਪੀ., ਦੋ ਡੀ.ਐਸ.ਪੀਜ ਤੇ ਸੀ.ਆਈ.ਏ. ਇੰਚਾਰਜ ਨੂੰ ਕਾਰਨ ਦੱਸੋ ਨੋਟਿਸ ਜਾਰੀ
ਪਟਿਆਲਾ, 12 ਅਕਤੂਬਰ: ਰਾਜਪੁਰਾ ਵਿਖੇ ਬੀਤੀ ਰਾਤ ਆਬਕਾਰੀ ਵਿਭਾਗ ਅਤੇ ਆਬਕਾਰੀ ਪੁਲਿਸ ਵੱਲੋਂ ਬੇਪਰਦ ਕੀਤੀ ਗਈ ਨਾਜਾਇਜ਼ ਸ਼ਰਾਬ ਦੀ ਫੈਕਟਰੀ ਦੇ ਮਾਮਲੇ 'ਚ ਸਥਾਨਕ ਪੁਲਿਸ ਵੱਲੋਂ ਅਣਗਹਿਲੀ ਵਰਤਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਥਾਣਾ ਸਿਟੀ ਰਾਜਪੁਰਾ ਦੇ ਐਸ.ਐਚ.ਓ. ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਹੈ। ਜਦੋਂਕਿ ਐਸ.ਪੀ. ਜਾਂਚ ਅਤੇ ਡੀ.ਐਸ.ਪੀ. ਜਾਂਚ, ਡੀ.ਐਸ.ਪੀ. ਰਾਜਪੁਰਾ ਤੋਂ ਇਲਾਵਾ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਸ੍ਰੀ ਦੁੱਗਲ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਰਾਜ ਪੁਲਿਸ ਦੀ ਗ਼ੈਰਕਾਨੂੰਨੀ ਗਤੀਵਿਧੀਆਂ, ਨਸ਼ਿਆਂ, ਨਾਜਾਇਜ਼ ਤੇ ਨਕਲੀ ਸ਼ਰਾਬ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਦੇ ਚੱਲਦਿਆਂ ਜ਼ਿਲ੍ਹਾ ਪੁਲਿਸ ਦੇ ਕਿਸੇ ਵੀ ਅਧਿਕਾਰੀ ਦੀ ਜ਼ਿਲ੍ਹੇ ਅੰਦਰ ਅਜਿਹੇ ਜੁਰਮਾਂ ਦੇ ਮਾਮਲੇ 'ਚ ਢਿੱਲ ਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਤੋਂ ਮਿਲੀ ਸੂਚਨਾ ਮੁਤਾਬਕ ਥਾਣਾ ਸਿਟੀ ਰਾਜਪੁਰਾ ਵਿਖੇ ਆਈ.ਪੀ.ਸੀ. ਦੀਆਂ ਧਾਰਾਵਾਂ 420, 465, 471 ਅਤੇ ਆਬਕਾਰੀ ਐਕਟ ਦੀਆਂ ਧਾਰਾਵਾਂ 61, 78 (2)/1/14 ਤਹਿਤ ਦਿਪੇਸ਼ ਗਰੋਵਰ ਵਾਸੀ ਰਾਜਪੁਰਾ ਅਤੇ ਕਾਰਜ ਸਿੰਘ ਵਾਸੀ ਸ਼ਮਸ਼ਪੁਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਐਸ.ਐਸ.ਪੀ. ਸ੍ਰੀ ਦੁੱਗਲ ਨੇ ਕਿਹਾ ਕਿ ਪੁਲਿਸ ਵੱਲੋਂ ਰਾਜਪੁਰਾ ਸਮੇਤ ਪੂਰੇ ਜ਼ਿਲ੍ਹੇ ਅੰਦਰ ਨਾਜਾਇਜ਼ ਸ਼ਰਾਬ ਦੇ ਕਾਲੇ ਕਾਰੋਬਾਰ 'ਚ ਲੱਗੇ ਵਿਅਕਤੀਆਂ ਦੇ ਸਮੁੱਚੇ ਨੈਟਵਰਕ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਏ ਕਿਸੇ ਵੀ ਦੋਸ਼ੀ ਜਾਂ ਗ਼ੈਰ ਸਮਾਜੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।