ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਤਲਾਸ਼ੀ ਮੁਹਿੰਮ ਜਾਰੀ
-ਈ-ਡੋਜ਼ੀਅਰ ਅਤੇ ਵੈਰੀਪਟਿਆਲਾ ਨੇ ਪਟਿਆਲਾ ਪੁਲਿਸ ਨੂੰ ਕੀਤਾ ਹਾਈਟੈਕ
ਪਟਿਆਲਾ, 15 ਦਸੰਬਰ:ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ 'ਤੇ ਸਖ਼ਤੀ ਕਰਦੇ ਹੋਏ ਪਟਿਆਲਾ ਜ਼ਿਲ੍ਹੇ 'ਚ ਵੱਡੀ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਖੁਫੀਆਂ ਜਾਣਕਾਰੀ 'ਤੇ ਆਧਾਰਤ, ਜੁਰਮ ਨੂੰ ਨੱਥ ਪਾਉਣ ਲਈ ਅਤੇ ਜੁਰਮਾਂ ਨਾਲ ਸਬੰਧਤ ਪਿਛੋਕੜ ਦੇ ਆਧਾਰ 'ਤੇ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਜੋ ਜ਼ਿਲ੍ਹੇ 'ਚ ਕੋਈ ਅਪਰਾਧਕ ਗਤੀਵਿਧੀ ਨਾ ਹੋਵੇ।-ਈ-ਡੋਜ਼ੀਅਰ ਅਤੇ ਵੈਰੀਪਟਿਆਲਾ ਨੇ ਪਟਿਆਲਾ ਪੁਲਿਸ ਨੂੰ ਕੀਤਾ ਹਾਈਟੈਕ
ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ ਦਿਨਾਂ ਚ ਪਟਿਆਲਾ ਪੁਲਿਸ ਵੱਲੋਂ 40 ਥਾਵਾ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਦੌਰਾਨ 10 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਅੱਠ ਮਾਮਲੇ ਐਕਸਾਈਜ਼ ਐਕਟ ਅਤੇ ਦੋ ਮਾਮਲੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਪਟਿਆਲਾ ਪੁਲਿਸ ਵੱਲੋਂ 340 ਲੀਟਰ ਲਾਹਣ, 110 ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਅਤੇ 6 ਕਿਲੋਂ ਚੂਰਾ ਭੁੱਕੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਰਚ ਅਪਰੇਸ਼ਨ ਤੋਂ ਇਲਾਵਾ ਹਰੇਕ ਪੁਲਿਸ ਥਾਣੇ ਵੱਲੋਂ ਉਨ੍ਹਾਂ ਵਿਅਕਤੀਆਂ ਦੀ ਕੌਸਲਿੰਗ ਸ਼ੁਰੂ ਕੀਤੀ ਗਈ ਹੈ ਜੋ ਪਹਿਲਾਂ ਅਪਰਾਧ ਨਾਲ ਜੁੜੇ ਰਹੇ ਹਨ, ਇਸ ਦਾ ਮੁੱਖ ਮਕਸਦ ਉਨ੍ਹਾਂ 'ਤੇ ਨਿਗਾਹ ਰੱਖਣਾ ਅਤੇ ਉਨ੍ਹਾਂ ਨੂੰ ਸਮਝਾਕੇ ਗੈਰ ਕਾਨੂੰਨੀ ਗਤੀਵਿਧੀਆਂ ਤੋਂ ਦੂਰ ਰੱਖਣਾ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਅਪਰਾਧੀਆਂ ਦਾ ਡਿਜ਼ੀਟਲ ਰਿਕਾਰਡ ਰੱਖਣ ਅਤੇ ਪਟਿਆਲਾ ਜ਼ਿਲ੍ਹੇ 'ਚ ਦਾਖਲ ਹੋਣ ਵਾਲੇ ਅਜਨਬੀ ਵਿਅਕਤੀਆਂ ਨੂੰ ਦਰਜ਼ ਕਰਨ ਲਈ ਈ-ਡੋਜ਼ੀਅਰ ਅਤੇ ਵੈਰੀ-ਪਟਿਆਲਾ ਦੀ ਪਹਿਲਾਂ ਦੀ ਸ਼ੁਰੂਆਤ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਵੈਰੀ-ਪਟਿਆਲਾ ਤੋਂ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਹੁਣ ਤੱਕ 15 ਹਜ਼ਾਰ ਤੋਂ ਵਧੇਰੇ ਐਂਟਰੀਆਂ ਇਸ 'ਤੇ ਹੋਈਆਂ ਹਨ, ਇਸ ਨਾਲ ਹੁਣ ਪੁਲਿਸ ਨੂੰ ਅਜਨਬੀ ਲੋਕਾਂ 'ਤੇ ਨਿਗਾਹ ਰੱਖ ਅਤੇ ਸ਼ਹਿਰ 'ਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ 'ਚ ਮਦਦ ਮਿਲੇਗੀ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆ ਕਿਹਾ ਕਿ ਪਟਿਆਲਾ 'ਚ ਅਮਲ ਕਾਨੂੰਨ ਸਥਿਤੀ ਬਣਾਈ ਰੱਖਣ ਲਈ ਸਭ ਦਾ ਸਹਿਯੋਗ ਜ਼ਰੂਰੀ ਹੈ।
ਕੈਪਸ਼ਨ: ਸਰਚ ਅਪਰੇਸ਼ਨ ਦੀ ਫਾਈਲ ਫੋਟੋ।