ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੈਂਬਰ ਲੋਕ ਸਭਾ ਪਰਨੀਤ ਕੌਰ ਰਿਆਸਤੀ ਸ਼ਹਿਰ ਪਟਿਆਲਾ ਦੀ ਨੁਹਾਰ ਬਦਲਣ ਲਈ ਯਤਨਸ਼ੀਲ

ਬੀਬਾ ਜੈ ਇੰਦਰ ਕੌਰ ਵੱਲੋਂ ਸ਼ਹਿਰ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ

 
ਪਟਿਆਲਾ, 22 ਦਸੰਬਰ: (ਐਨ ਟੀ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਮੈਂਬਰ ਲੋਕ ਸਭਾ ਸ੍ਰੀਮਤੀ ਪਰਨੀਤ ਕੌਰ ਰਿਆਸਤੀ ਸ਼ਹਿਰ ਪਟਿਆਲਾ ਦੀ ਨੁਹਾਰ ਬਦਲਣ ਲਈ ਯਤਨਸ਼ੀਲ ਹਨ, ਜਿਸ ਤਹਿਤ ਸ਼ਹਿਰ 'ਚ ਵੱਖ-ਵੱਖ ਵਿਕਾਸ ਪ੍ਰਾਜੈਕਟ ਜੰਗੀ ਪੱਧਰ 'ਤੇ ਮੁਕੰਮਲ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਬੀਬਾ ਜੈਇੰਦਰ ਕੌਰ ਨੇ ਅੱਜ ਸ਼ਹਿਰ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਪਟਿਆਲਾ ਦੀ ਰਿਆਸਤੀ ਦਿੱਖ ਨੂੰ ਸੰਵਾਰਨ ਅਤੇ ਬਹਾਲ ਕਰਨ ਦੇ ਮੰਤਵ ਨਾਲ ਬਣਾਈ ਜਾ ਰਹੀ 'ਹੈਰੀਟੇਜ ਸਟ੍ਰੀਟ' ਸ਼ਹਿਰ ਦੇ ਰਿਆਸਤੀ ਨਕਸ਼ਾਂ ਨੂੰ ਵਿਸ਼ਵ ਪੱਧਰ 'ਤੇ ਉਭਾਰਨ 'ਚ ਸਹਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਕਰੀਬ 45 ਕਰੋੜ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨੂੰ ਪੜਾਅ ਵਾਰ ਇਸ ਢੰਗ ਨਾਲ ਮੁਕੰਮਲ ਕੀਤਾ ਜਾਵੇਗਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ। ਪਹਿਲੇ ਪੜਾਅ 'ਚ 200 ਮੀਟਰ ਹਿੱਸਾ ਲੈ ਕੇ, ਉਸ 'ਚ ਬਿਜਲੀ ਦੀਆਂ ਅਤੇ ਹੋਰ ਤਾਰਾਂ ਜ਼ਮੀਨਦੋਜ਼ ਕਰਨ ਤੋਂ ਇਲਾਵਾ ਸਟ੍ਰੋਮ ਵਾਟਰ ਅਤੇ ਦੂਸਰਾ ਸੀਵਰ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਸਨੌਰੀ ਰੋਡ ਸਥਿਤ ਕੂੜੇ ਦੇ ਵੱਡੇ ਢੇਰ ਨੂੰ ਖਤਮ ਕਰਨ ਲਈ ਸ਼ੁਰੂ ਕੀਤੇ 'ਰੈਮੇਡੀਸ਼ਨ ਪ੍ਰਾਜੈਕਟ' ਦਾ ਜਾਇਜ਼ਾ ਲੈਣ ਮੌਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਉਨ੍ਹਾਂ ਨੂੰ ਦੱਸਿਆ ਕਿ ਕਰੀਬ ਸਾਢੇ 6 ਕਰੋੜ ਦੀ ਲਾਗਤ ਵਾਲੇ ਇਸ ਪ੍ਰਾਜੈਕਟ 'ਚ ਹੁਣ ਤੱਕ ਦੋ ਮਸ਼ੀਨਾਂ ਸਥਾਪਿਤ ਹੋ ਚੁੱਕੀਆਂ ਹਨ ਅਤੇ ਜਲਦ ਹੀ ਤੀਸਰੀ ਮਸ਼ੀਨ ਜੋ ਕਿ ਕਚਰੇ ਨੂੰ ਬਾਰੀਕ ਕਰੇਗੀ, ਵੀ ਆ ਰਹੀ ਹੈ। ਰਾਘੋ ਮਾਜਰਾ ਦੀ ਰੇਹੜੀ ਮਾਰਕੀਟ ਨੂੰ ਭੀੜ-ਭੜੱਕੇ ਵਾਲੀ ਥਾਂ ਤੋਂ ਬਾਹਰ ਲਿਜਾਣ ਦੇ ਪ੍ਰਾਜੈਕਟ ਵਾਲੀ ਥਾਂ ਦਿਖਾਉਂਦਿਆਂ ਮੇਅਰ ਸ੍ਰੀ ਸ਼ਰਮਾ ਨੇ ਬੀਬਾ ਜੈ ਇੰਦਰ ਕੌਰ ਨੂੰ ਦੱਸਿਆ ਕਿ ਇਸ ਸਬੰਧੀ 520 ਅਲਾਟਮੈਂਟ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ। ਇਸ ਮਾਰਕੀਟ ਨੂੰ ਬਣਾਉਣ 'ਤੇ 1.60 ਕਰੋੜ ਰੁਪਏ ਦੀ ਲਾਗਤ ਆਈ ਹੈ, ਜਿਸ 'ਚ ਕੇਵਲ ਲਾਈਟਾਂ ਲਾਉਣ ਦਾ ਕੰਮ ਬਾਕੀ ਹੈ।
ਬੀਬਾ ਜੈ ਇੰਦਰ ਕੌਰ ਵੱਲੋਂ ਇਸ ਮੌਕੇ ਸਨੌਰੀ ਅੱਡੇ ਤੋਂ ਕੋਹਲੀ ਟ੍ਰਾਂਸਪੋਰਟ ਰੋਡ ਅਤੇ ਮਾਈ ਜੀ ਦੀ ਸਰਾਂ ਰੋਡ ਦੇ ਕੰਮ ਦਾ ਵੀ ਜਾਇਜ਼ਾ ਲਿਆ ਗਿਆ, ਜਿਸ ਬਾਰੇ ਦੱਸਿਆ ਗਿਆ ਕਿ 2.92 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਸਨੌਰੀ ਅੱਡਾ ਰੋਡ ਦਾ 98 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ ਜਦਕਿ ਮਾਈ ਜੀ ਦੀ ਸਰਾਂ ਵਾਲੀ ਸੜ੍ਹਕ ਜੋ ਕਿ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ, ਦਾ 40 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਸ਼ਹਿਰ ਦੇ ਇੱਕ ਹੋਰ ਮਹੱਤਵਪੂਰਣ ਪ੍ਰਾਜੈਕਟ ਜੈਕਬ ਡਰੇਨ ਦੇ ਨਵੀਨੀਕਰਣ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਦੱਸਿਆ ਕਿ ਇਸ ਦਾ 90 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਕੁੱਲ ਪ੍ਰਾਜੈਕਟ 5.25 ਕਰੋੜ ਦੀ ਲਾਗਤ ਹੈ। ਬੀਬਾ ਜੈ ਇੰਦਰ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਅਖਤਿਆਰੀ ਕੋਟੇ 'ਚੋਂ ਭੇਜੀ ਗਰਾਂਟ ਨਾਲ ਸਨੌਰੀ ਅੱਡਾ ਸਕੂਲ ਤੇ ਰਾਈ ਮਾਜਰਾ ਸਕੂਲਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ। ਇਨ੍ਹਾਂ ਲਈ ਕ੍ਰਮਵਾਰ 20 ਲੱਖ ਰੁਪਏ ਅਤੇ 34 ਲੱਖ ਰੁਪਏ ਦੀ ਗਰਾਂਟ ਭੇਜੀ ਗਈ ਹੈ। ਇਸ ਮੌਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਤੋਂ ਇਲਾਵਾ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ, ਪੀ ਡੀ ਏ ਦੇ ਮੁੱਖ ਪ੍ਰਸ਼ਾਸਕ ਸੁਰਭੀ ਮਲਿਕ ਅਤੇ ਹੋਰ ਅਧਿਕਾਰੀ ਤੇ ਇਲਾਕੇ ਦੇ ਸਬੰਧਤ ਕੌਂਸਲਰ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਬੀਬਾ ਜੈ ਇੰਦਰ ਕੌਰ ਪਟਿਆਲਾ ਸ਼ਹਿਰ 'ਚ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਦਾ ਜਾਇਜ਼ਾ ਲੈਂਦੇ ਹੋਏ।