ਪਟਿਆਲਾ, 16 ਦਸੰਬਰ:- (ਐਨ,ਟੀ.ਬਿਊਰੋ) ਪੰਜਾਬ ਸਰਕਾਰ ਵੱਲੋਂ ਸਮੁੱਚੇ ਮਾਲ ਰਿਕਾਰਡ ਨੂੰ ਕੰਪਿਊਟਰੀਕਰਨ ਦੇ ਮਕਸਦ ਨਾਲ ਬਣਾਈ ਗਈ ਪੰਜਾਬ ਲੈਂਡ ਰਿਕਾਰਡਜ਼ ਸੋਸਾਇਟੀ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਸਮੁੱਚੇ ਮਾਲ ਰਿਕਾਰਡ ਦੇ ਕੰਪਿਊਟਰੀ ਕਰਨ ਦੇ ਕੰਮ ਨੂੰ ਸਫ਼ਲਤਾ ਪੂਰਵਕ ਮੁਕੰਮਲ ਕੀਤਾ ਜਾ ਚੁੱਕਾ ਹੈ। ਜਿਸ ਸਦਕਾ ਜ਼ਿਲ੍ਹੇ ਅਧੀਨ ਪੈਂਦੇ ਕੁਲ 934 ਪਿੰਡਾਂ ਦੇ ਮਾਲ ਰਿਕਾਰਡ ਨੂੰ ਤਹਿਸੀਲ/ਸਬ ਤਹਿਸੀਲ ਪੱਧਰ 'ਤੇ ਪੰਜਾਬ ਲੈਂਡ ਰਿਕਾਰਡਜ਼ ਸੋਸਾਇਟੀ ਅਧੀਨ ਸਥਾਪਿਤ ਫ਼ਰਦ ਕੇਂਦਰਾਂ ਵਿਖੇ ਲਾਇਵ ਕੀਤਾ ਜਾ ਚੁੱਕਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਦੀ ਹਦੂਦ ਅੰਦਰ ਪੈਂਦੇ ਕਿਸੇ ਵੀ ਪਿੰਡ/ਸ਼ਹਿਰ ਦਾ ਕੋਈ ਵਿਅਕਤੀ ਆਪਣੀ ਜਮੀਨ ਨਾਲ ਸਬੰਧਤ ਕੰਪਿਊਟਰਾਇਜਡ ਫ਼ਰਦ ਨੂੰ ਸਰਕਾਰ ਵੱਲੋਂ ਨਿਰਧਾਰਤ ਕੀਤੀ ਗਈ ਫੀਸ ਨੂੰ ਜਮ੍ਹਾਂ ਕਰਵਾਉਣ ਉਪਰੰਤ ਸਬੰਧਤ ਫ਼ਰਦ ਕੇਂਦਰ ਤੋਂ ਪ੍ਰਾਪਤ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਪ੍ਰੈਲ 2020 ਤੋਂ ਨਵੰਬਰ 2020 ਤੱਕ ਜ਼ਿਲ੍ਹੇ ਅੰਦਰ ਤਹਿਸੀਲ/ਸਬ ਤਹਿਸੀਲ ਪੱਧਰ 'ਤੇ ਸਥਾਪਿਤ ਕੀਤੇ ਗਏ ਫ਼ਰਦ ਕੇਂਦਰਾਂ ਤੋਂ 98138 ਫ਼ਰਦਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪਟਿਆਲਾ ਤਹਿਸੀਲ ਦੇ 271 ਪਿੰਡਾਂ ਦੀ ਜਾਇਦਾਦ ਦਾ ਡਾਟਾ ਆਨਲਾਇਨ ਕੀਤਾ ਗਿਆ ਹੈ। ਇਸੇ ਤਰ੍ਹਾਂ ਰਾਜਪੁਰਾ ਦੇ 156 ਪਿੰਡ, ਨਾਭਾ ਦੇ ਕੁਲ 131 ਪਿੰਡ, ਸਮਾਣਾ ਦੇ 73 ਪਿੰਡ, ਪਾਤੜਾਂ ਦੇ 69 ਪਿੰਡ, ਦੁੱਧਨ ਸਾਧਾਂ ਦੇ 96, ਭਾਦਸੋਂ ਦੇ 44 ਅਤੇ ਘਨੌਰ ਦੇ ਕੁਲ 94 ਪਿੰਡਾਂ ਦਾ ਡਾਟਾ ਆਨਲਾਇਨ ਕਰਕੇ ਲਾਇਵ ਕੀਤਾ ਜਾ ਚੁੱਕਾ ਹੈ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਭਾਰ ਰਹਿਤ ਸਰਟੀਫਿਕੇਟ ਅਤੇ ਨਿਸ਼ਾਨਦੇਹੀ ਦੀ ਸੇਵਾ ਨੂੰ ਆਮ ਲੋਕਾਂ ਨੂੰ ਦੇਣ ਲਈ ਆਨ-ਲਾਇਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਵਾਂ ਨੂੰ ਪ੍ਰਾਪਤ ਕਰਨ ਲਈ ਕੋਈ ਵੀ ਵਿਅਕਤੀ ਆਪਣੇ ਪੱਧਰ 'ਤੇ ਆਨਲਾਇਨ rcms.punjab.gov.in 'ਤੇ ਲੋੜੀਂਦੀ ਫੀਸ ਦੀ ਆਨਲਾਇਨ ਅਦਾਇਗੀ ਕਰਨ ਉਪਰੰਤ ਅਪਲਾਈ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਉਸ ਦੇ ਪੱਧਰ 'ਤੇ ਇਨ੍ਹਾਂ ਸੇਵਾਵਾਂ ਨੂੰ ਆਨਲਾਇਨ ਅਪਲਾਈ ਕਰਨ ਵਿਚ ਕੋਈ ਦਿਕਤ ਪੇਸ਼ ਆਉਂਦੀ ਹੈ ਤਾਂ ਉਹ ਵਿਅਕਤੀ ਇਹ ਸੇਵਾਵਾਂ ਪ੍ਰਾਪਤ ਕਰਨ ਲਈ ਸਬੰਧਤ ਫਰਦ ਕੇਂਦਰ ਵਿਖੇ, ਸੇਵਾ ਕੇਂਦਰ ਵਿਖੇ ਜਾਂ ਸਬੰਧਤ ਤਹਿਸੀਲ/ਸਬ ਤਹਿਸੀਲ ਦੇ ਤਹਿਸੀਲਦਾਰ/ਨਾਇਬ ਤਹਿਸੀਲਦਾਰ ਦੇ ਰੀਡਰ ਕੋਲ ਜਾਕੇ ਵੀ ਅਪਲਾਈ ਕਰਵਾ ਸਕਦਾ ਹੈ।
ਫੋਟੋ ਕੈਪਸ਼ਨ-ਪਟਿਆਲਾ ਦੇ ਫ਼ਰਦ ਕੇਂਦਰ ਵਿਖੇ ਆਪਣੀਆਂ ਫ਼ਰਦਾਂ ਹਾਸਲ ਕਰਦੇ ਹੋਏ ਲੋਕ।