ਅੰਗਰੇਜ਼ੀ ਬੂਸਟਰ ਕਲੱਬਾਂ ਤਹਿਤ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਆਨ-ਲਾਈਨ ਮਿਲਣੀ ਕਰਵਾਏਗਾ ਸਿੱਖਿਆ ਵਿਭਾਗ

ਅੰਮ੍ਰਿਤਸਰ, 14 ਦਸੰਬਰ (ਐਨ.ਟੀ.ਬਿਊਰੋ)- ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਪੰਜਾਬ ਵਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਝਿਜਕ ਨੂੰ ਦੂਰ ਕਰਨ ਲਈ ਸਰਕਾਰੀ ਸਕੂਲਾਂ ਵਿੱਚ ਸਥਾਪਿਤ ਕੀਤੇ ਅੰਗਰੇਜੀ ਬੂਸਟਰ ਕਲੱਬਾਂ ਤਹਿਤ ਕਰਵਾਈਆਂ ਜਾਂਦੀਆਂ ਵੱਖ ਵੱਖ ਗਤੀਵਿਧੀਆਂ ਤੋਂ ਉਤਸ਼ਾਹਿਤ ਅਧਿਆਪਕ-ਵਿਦਿਆਰਥੀਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੂਬੇ ਦੇ ਅੰਗਰੇਜੀ ਬੂਸਟਰ ਕਲੱਬਾਂ ਦੀ ਅਗਵਾਈ ਅਧੀਨ ਆਨ-ਲਾਈਨ ਮਿਲਣੀਆਂ (ਵਰਚੂਅਲ ਗੈੱਟ ਟੂਗੈਦਰ) ਆਯੋਜਿਤ ਕਰਨ ਤੋਂ ਬਾਅਦ ਹੁਣ ਇਕ ਹੋਰ ਨਵੀਨਤਾਕਾਰੀ ਆਨਲਾਈਨ ਗਤੀਵਿਧੀ  'ਸਟਾਰ ਵਿਦਿਆਰਥੀਆਂ ਦੀ ਆਨ-ਲਾਈਨ ਮਿਲਣੀ' ਦਾ ਬਲਾਕ ਪੱਧਰ ਤੇ 28 ਦਸੰਬਰ ਤੱਕ ਵੱਖ ਵੱਖ ਜ਼ਿਲਿਆਂ ਵਿੱਚ ਆਯੋਜਿਤ ਕੀਤੀ ਜਾਵੇਗੀ। ਇਸ ਸੰਬੰਧੀ ਸਟੇਟ ਰਿਸੋਰਸ ਪਰਸਨ (ਅੰਗਰੇਜੀ ਤੇ ਸੋਸ਼ਲ ਸਟੱਡੀਜ਼) ਚੰਦਰ ਸ਼ੇਖਰ ਨੇ ਦੱਸਿਆ ਕਿ ਵੱਖ ਵੱਖ ਸਕੂਲਾਂ ਦੇ ਨਾਲ ਨਾਲ ਬਲਾਕ ਅਤੇ ਜ਼ਿਲਾ ਪੱਧਰ ਤੇ ਇੰਗਲਿਸ਼ ਬੂਸਟਰ ਕਲੱਬਾਂ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਵਿਸੇਸ਼ ਤੌਰ ਤੇ ਭਾਸ਼ਾ ਦੇ ਹੁਨਰ  ਦਾ ਨਿਰਮਾਣ ਲਈ ਵਰਦਾਨ ਸਿੱਧ ਹੋ ਰਹੀਆਂ ਹਨ। ਉਨਾਂ ਦੱਸਿਆ ਕਿ ਅੰਗਰੇਜੀ ਵਿੱਚ ਗੱਲਬਾਤ ਕਰਨ ਲਈ ਸਵੈ-ਵਿਸਵਾਸ਼ ਨੂੰ ਵਧਾਉਣ ਲਈ ਅਨੁਕੂਲ ਵਾਤਾਵਰਨ ਦਾ ਹੋਣਾ ਬਹੁਤ ਜਰੂਰੀ ਹੈ ਅਤੇ ਇਸ ਲਈ ਇਹ ਕਲੱਬ ਵਿਦਿਆਰਥੀਆਂ ਨੂੰ ਅੱਗੇ ਆ ਕੇ ਭਾਸ਼ਾ ਸਿੱਖਣ ਅਤੇ ਬੋਲਣ ਲਈ ਉਤਸੁਕਤਾ ਦਿਖਾਉਣ ਲਈ ਪ੍ਰੇਰਿਤ ਕਰ ਰਹੇ ਹਨ। ਉਨਾਂ ਦੱਸਿਆ ਕਿ ਇੰਨਾਂ ਕਲੱਬਾਂ ਕਾਰਨ ਵਿਦਿਆਰਥੀਆਂ ਦੀ ਬੋਲਣ ਦੀ ਯੋਗਤਾ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਤੇ ਉਹ ਹੁਣ ਬਿਨਾਂ ਝਿਜਕ ਜਾਂ ਡਰ ਦੇ ਅੰਗਰੇਜੀ ਵਿੱਚ ਗਲਬਾਤ ਕਰ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ਼ਾ ਸਿੱਖਿਆ ਅਫਸਰ ਸੈ.ਸਿੱ. ਅੰਮ੍ਰਿਤਸਰ ਸਤਿਦਰਬੀਰ ਸਿੰਘ ਅਤੇ ਜ਼ਿਲਾ ਸਿੱਖਿਆ ਅਫਸਰ ਐ.ਸਿੱ. ਅੰਮ੍ਰਿਤਸਰ ਕੰਵਲਜੀਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਵਿਦਿਆਰਥੀਆਂ ਦੇ ਸਵੈ ਵਿਸਵਾਸ਼ ਦੇ ਪੱਧਰ ਨੂੰ ਉਤਸ਼ਾਹ ਦੇਣ ਦੇ ਮੱਦੇਨਜਰ ਵਿਭਾਗ ਨੇ ' ਸਟਾਰ ਵਿਦਿਆਰਥੀਆਂ ਦੀ ਮਿਲਣੀ' ਦੀ ਗਤੀਵਿਧੀ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਜਿਸ ਤਹਿਤ ਹਰ ਬਲਾਕ ਦੇ ਨੌਵੀਂ ਤੋਂ ਬਾਰਵੀਂ ਜਮਾਤ ਦੇ ਤਕਰੀਬਨ 16 ਤੋਂ 20 ਵਿਦਿਆਰਥੀ ਸੰਬੰਧਿਤ ਬਲਾਕ ਦੇ ਗਾਈਡ ਅਧਿਆਪਕਾਂ ਦੇ ਨਾਲ ਇਸ ਸਰਗਰਮੀ ਵਿੱਚ ਹਿੱਸਾ ਲੈਣਗੇ ਤੇ ਉਹ ਵੱਖ ਵੱਖ ਵਿਸ਼ਿਆਂ ਜਿਵੇਂ  "ਮੈਂ ਭਾਰਤ ਨੂੰ ਪਿਆਰ ਕਰਦਾ ਹਾਂ", ਇੰਗਲਿਸ਼ ਬੂਸਟਰ ਕਲੱਬਾਂ ਸੰਬੰਧੀ ਵਿਚਾਰ, ਸਵੈ-ਵਿਸਵਾਸ਼, ਸਵੱਛਤਾ ਇਕ ਵਰਦਾਨ, ਮੋਬਾਈਲ ਫੋਨ ਦੀ ਵਰਤੋਂ ਦੇ ਹੱਕ ਜਾਂ ਵਿਰੋਧ 'ਚ ਵਿਚਾਰ, ਖੇਡਾਂ, ਚੰਗਾ ਸਲੀਕਾ, ਵੈਲਕਮ ਲਾਈਫ,, ਜੇ ਮੈਂ ਅੰਗਰੇਜੀ ਅਧਿਆਪਕ ਹੁੰਦਾ ਆਦਿ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ਼ ਕਰਨਗੇ। ਇਨਾਂ ਮਿਲਣੀਆਂ ਵਿੱਚ ਸਾਰੇ ਭਾਗੀਦਾਰਾਂ ਲਈ ਬੋਲਣ ਦਾ ਸਮਾਂ 45 ਤੋਂ 90 ਸਕਿੰਟ ਦਾ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਮੈਂਟਰ ਇੰਗਲਿਸ਼ ਸ਼੍ਰੀਮਤੀ ਜਸਵਿੰਦਰ ਕੌਰ ਨੇ ਦੱਸਿਆ ਕਿ ਸਮੂਹ ਬਲਾਕ ਮੈਂਟਰਜ਼ ਅਤੇ ਬਲਾਕ ਮਾਸਟਰ ਟ੍ਰੇਨਰ ਬਲਾਕ ਪੱਧਰ ਤੇ ਗਤੀਵਿਧੀ ਦਾ ਆਯੋਜਨ ਕਰਨਗੇ। ਇੰਨਾਂ ਪ੍ਰੋਗਰਾਮਾਂ ਦੀ ਜ਼ਿਲ਼ਾ ਸਿੱਖਿਆ ਅਫਸਰ (ਸੈ. ਅਤੇ ਐਲੀ) ਪ੍ਰਧਾਨਗੀ ਕਰਨਗੇ ਅਤੇ ਇੰਨਾਂ ਸਮਾਗਮਾਂ ਵਿੱਚ ਉੱਪ ਜ਼ਿਲਾ ਸਿੱਖਿਆ ਅਫਸਰ (ਸੈ. ਅਤੇ ਐਲੀ), ਡਾਇਟ ਪ੍ਰਿੰਸੀਪਲ, ਬੀ.ਪੀ.ਈ.ਓਜ, ਡੀ. ਐਮਜ਼, ਜ਼ਿਲ਼ਾ ਰਿਸੋਰਸ ਪਰਸਨ, ਪੜੋ ਪੰਜਾਬ ਜ਼ਿਲਾ ਕੌਆਰਡੀਨੇਟਰ ਅਤੇ ਮੀਡੀਆ ਕੋਆਰਡੀਨੇਟਰ ਨੂੰ ਵੀ ਵਿਸੇਸ਼ ਸੱਦਾ ਦਿਤਾ ਜਾਵੇਗਾ ਤੇ ਇਸ ਗਤੀਵਿਧੀ ਵਿੱਚ ਭਾਗ ਲੈਣ ਵਾਲਿਆਂ ਨੂੰ ਜ਼ਿਲਾ ਸਿੱਖਿਆ ਅਫਸਰਾਂ ਵਲੋਂ ਪ੍ਰਸੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।