ਕਿਸਾਨਾਂ ਵਲੋਂ ਭਾਰਤ ਬੰਦ ਦੇ ਸਬੰਧ ਵਿਚ ਬਹਿਰਾਮ ਟੋਲ ਪਲਾਜ਼ਾ ਤੇ ਵਿਸ਼ਾਲ ਧਰਨਾ
ਬੰਗਾ 8 ਦਸੰਬਰ -:ਭਾਰਤ ਦੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਮਾਰੂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪਿਛਲੇ ਤਿੰਨ ਮਹੀਨੇ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਚੱਲ ਰਹੇ ਸੰਘਰਸ਼ ਦੇ ਸਬੰਧ ਵਿਚ ਅੱਜ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਅਤੇ ਸੰਪੂਰਨ ਹੁੰਗਾਰਾ ਮਿਲਿਆ ਇਸ ਦੇ ਸੰਬੰਧ ਵਿਚ ਫਗਵਾੜਾ-ਚੰਡੀਗੜ ਰੋਡ ਟੋਲ ਪਲਾਜਾ ਬਹਿਰਾਮ ਵਿਖੇ ਕਿਸਾਨਾਂ ਵਲੋਂ 11ਵਜੇਂ ਤੋਂ 3 ਵਜੇ ਤੱਕ ਭਾਰੀ ਰੋਸ ਧਰਨਾ ਪ੍ਰਦਰਸ਼ਨ ਕੀਤਾ ਗਿਆ । ਚੱਕਾ ਜਾਮ ਕਰਦੇ ਹੋਏ ਕੇਂਦਰ ਦੀ ਭਾਜਪਾ ਸਰਕਾਰ ਨੂੰ ਇਹ ਸੁਨੇਹਾ ਦਿੱਤਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਪੈਰ-ਪੈਰ ਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ । ਪਰ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨ ਮਾਰੂ ਕਾਨੂੰਨ ਬਣਾਉਣ ਤੇ ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ ਤੇ ਹੁਣ ਕਿਸਾਨ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਿਸ ਲੈਣ ਲਈ ਕੇਂਦਰ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੇ। ਵੱਖ-ਵੱਖ ਬੁਲਾਰਿਆਂ ਵਲੋਂ ਮੋਦੀ ਸਰਕਾਰ ਨੂੰ ਇੱਕ ਵੰਗਾਰ ਪਾਉਂਦਿਆਂ ਇੱਕ ਸੁਰ ਵਿੱਚ ਇਹ ਅਵਾਜ਼ ਉਠਾਈ ਕਿ ਪੰਜਾਬੀਆਂ ਵਲੋਂ ਸ਼ੁਰੂ ਕੀਤੇ ਇਸ ਰੋਹ ਅਤੇ ਰੋਸ ਭਰੇ ਸੰਘਰਸ਼ ਨੇ ਬਾਕੀ ਰਾਜਾਂ ਦੇ ਕਿਸਾਨਾਂ ਨੂੰ ਵੀ ਇਸ ਪ੍ਰਤੀ ਲਾਮਵੰਦ ਕਰ ਦਿੱਤਾ ਹੈ ਤੇ ਹੁਣ ਇਹ ਲਹਿਰ ਦੇਸ਼ ਵਿਆਪੀ ਬਣ ਚੁੱਕੀ ਹੈ। ਬੁਲਾਰਿਆਂ ਨੇ ਕਿਹਾ ਕਿ ਦਿੱਲੀ ਨੇ ਹਮੇਸ਼ਾਂ ਪੰਜਾਬ ਨਾਲ ਧਰੋਹ ਕਮਾਇਆ ਹੈ ਅਤੇ ਇਹਨਾਂ ਹੈਂਕੜ ਬਾਜ ਹਾਕਮਾਂ ਨੂੰ ਸਦਾ ਮੂੰਹ ਦੀ ਖਾਣੀ ਪਈ ਹੈ ਜਿਸਦਾ ਇਤਿਹਾਸ ਗਵਾਹ ਹੈ । ਬੁਲਾਰਿਆਂ ਨੇ ਕਿਹਾ ਕਿ ਕਿਸਾਨ ਇਸ ਸੰਘਰਸ਼ ਵਿਚ ਆਪਣਾ ਹੱਕ ਲੈ ਕੇ ਰਹਿਣਗੇ ਤੇ ਕਿਸਾਨ ਮਾਰੂ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਘੱਟ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ । ਇਸ ਮੌਕੇ ਇਲਾਕੇ ਦੇ ਮਸ਼ਹੂਰ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਨੇ ਜੋਸ਼ ਭਰੀਆਂ ਤਕਰੀਰਾਂ ਕਰਕੇ ਧਰਨੇ ਦੇ ਇਕੱਠ ਵਿੱਚ ਉਤਸ਼ਾਹ ਭਰਿਆ । ਇਸ ਮੌਕੇ ਡਾ ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਹਲਕਾ ਬੰਗਾ ,ਕੁਲਜੀਤ ਸਿੰਘ ਸਰਹਾਲ , ਸੰਤ ਕੁਲਵੰਤ ਰਾਮ ਭਰੋਮਜਾਰਾ , ਹਰਮੇਲ ਸਿੰਘ ਜੱਸੋਮਜਾਰਾ, ਨੰਬਰਦਾਰ ਇੰਦਰਜੀਤ ਸਿੰਘ ਮਾਨ ਬੰਗਾ , ਯੋਗ ਰਾਜ ਜੋਗੀ ਨਿਮਾਣਾ, ਅਵਤਾਰ ਸਿੰਘ ਕਟ , ਦਵਿੰਦਰ ਸਿੰਘ ਸੰਧਵਾਂ , ਸੁਖਵਿੰਦਰ ਸਿੰਘ, ਮੁਖਤਿਆਰ ਸਿੰਘ ਜੱਸੋਮਜ਼ਾਰਾ , ਬਲਜੀਤ ਸਿੰਘ ਸਰਪੰਚ ਕੁਲਥਮ, ਮੇਜਰ ਸਿੰਘ ਕੁਲਥਮ , ਹਰਜੀਤ ਸਿੰਘ ਸਰਹਾਲਾ ਰਾਣੂੰਆ , ਬਲਕਾਰ ਸਿੰਘ ਬਲਜਿੰਦਰ ਸਿੰਘ ਚੱਕ ਮੰਡੇਰ ਪ੍ਰਿਤਪਾਲ ਸਿੰਘ , ਜਸਵੰਤ ਸਿੰਘ ਸਰਹਾਲਾ ਰਣੂਆ , ਚਰਨਜੀਤ ਸਿੰਘ ਬਹਿਰਾਮ, ਰਾਮ ਕਿਸ਼ਨ ਪੱਲੀ ਝਿੱਕੀ ,ਪਰਵੀਨ ਬੰਗਾ , ਤਰਲੋਚਨ ਸਿੰਘ ਬਾਹਡ਼ ਮਜਾਰਾ ਅਜੀਤ ਸਿੰਘ ਮਾਸਟਰ ਸ਼ੰਕਰ ਸਿੰਘ ,ਜੈਰਾਮ , ਮੱਖਣ ਸਿੰਘ ਸੰਘਾ, ਕਿਸ਼ੋਰੀ ਰਾਮ ਆਦਿ ਧਰਨੇ ਵਿੱਚ ਸ਼ਾਮਲ ਸਨ ।