ਨਵਾਂ ਪੰਜਾਬ ਸਿਰਜ ਰਹੀ ਹੈ, ਕੈਪਟਨ ਸਰਕਾਰ, ਸਮਾਣਾ ਨੂੰ ਵੀ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ-ਰਾਜਿੰਦਰ ਸਿੰਘ

ਸਮਾਣਾ ਸ਼ਹਿਰ ਨੂੰ ਨਵੇਂ ਸਾਲ ਦਾ ਤੋਹਫ਼ਾ,  ਸ਼ਹਿਰ ਨਿਵਾਸੀਆਂ ਦੀ ਸੁਰੱਖਿਆਂ ਲਈ 10 ਲੱਖ ਰੁਪਏ ਦੀ ਲਾਗਤ ਨਾਲ 9 ਥਾਂਵਾ 'ਤੇ ਸੀ.ਸੀ.ਟੀ.ਵੀ. ਕੈਮਰੇ ਚਾਲੂ

ਸਮਾਣਾ, 28 ਦਸੰਬਰ: (ਐਨ ਟੀ) ਹਲਕਾ ਸਮਾਣਾ ਦੇ ਵਿਧਾਇਕ ਸ. ਰਾਜਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਾਂ ਪੰਜਾਬ ਸਿਰਜਣ ਦੇ ਕੀਤੇ ਵਾਅਦੇ ਨੂੰ ਪੂਰਾ ਕਰ ਰਹੀ ਹੈ, ਜਿਸ ਤਹਿਤ ਸਮਾਣਾ ਨੂੰ ਵੀ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ। ਸ. ਰਾਜਿੰਦਰ ਸਿੰਘ ਅੱਜ ਸ਼ਹਿਰ ਸਮਾਣਾ ਨੂੰ ਨਵੇਂ ਸਾਲ ਦਾ ਤੋਹਫ਼ਾ ਦੇਣ ਵਜੋਂ ਸਵਾ 7 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਉਣ ਪੁੱਜੇ ਸਨ। ਹਲਕਾ ਵਿਧਾਇਕ ਨੇ ਨਗਰ ਕੌਂਸਲ ਵੱਲੋਂ ਸਰਾਏ ਪੱਤੀ ਵਿਖੇ ਕਰੀਬ 2 ਕਰੋੜ ਰੁਪਏ ਖ਼ਰਚ ਕਰਕੇ ਅਤਿ-ਆਧੁਨਿਕ ਢੰਗ ਤਰੀਕਿਆਂ ਨਾਲ ਕੂੜੇ ਦੇ ਨਿਪਟਾਰੇ ਲਈ ਇੱਕ ਨਮੂਨੇ ਦੀ ਡੰਪ ਸਾਈਟ 'ਸੈਨੇਟਰੀ ਲੈਂਡਫਿਲ ਸਾਈਟ', ਵਜੋਂ ਵਿਕਸਤ ਕੀਤਾ ਗਿਆ ਹੈ, ਵਿਖੇ ਸਾਰੇ ਸ਼ਹਿਰ ਅੰਦਰ 5 ਕਰੋੜ ਰੁਪਏ ਦੀ ਲਾਗਤ ਨਾਲ ਲਗਾਈਆਂ ਜਾਣ ਵਾਲੀਆਂ ਐਲ.ਈ.ਡੀ. ਸਟਰੀਟ ਲਾਇਟਾਂ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਨੇ ਨਾਲ ਹੀ ਲੋਕਾਂ ਦੀ ਸੁਰੱਖਿਆ ਲਈ ਸ਼ਹਿਰ ਦੀਆਂ 9 ਵੱਖ-ਵੱਖ ਥਾਵਾਂ 'ਤੇ 10 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਸੀ.ਸੀ.ਟੀ.ਵੀ. ਕੈਮਰੇ ਵੀ ਚਾਲੂ ਕਰਵਾਏ। ਇਸ ਮੌਕੇ ਪੀ.ਪੀ.ਐਸ.ਸੀ. ਦੇ ਸਾਬਕਾ ਮੈਂਬਰ ਸ੍ਰੀਮਤੀ ਰਵਿੰਦਰ ਕੌਰ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਕਮਿਸ਼ਨਰ ਨਗਰ ਨਿਗਮ ਪਟਿਆਲਾ ਸ੍ਰੀਮਤੀ ਪੂਨਮਦੀਪ ਕੌਰ, ਸਥਾਨਕ ਸਰਕਾਰ ਵਿਭਾਗ ਦੇ ਖੇਤਰੀ ਡਿਪਟੀ ਡਾਇਰੈਕਟਰ ਜਸ਼ਨਪ੍ਰੀਤ ਕੌਰ ਗਿੱਲ ਵੀ ਮੌਜੂਦ ਸਨ। 'ਸੈਨੇਟਰੀ ਲੈਂਡਫਿਲ ਸਾਈਟ', ਜਿਸ ਨੂੰ ਇੱਕ ਖ਼ੂਬਸੂਰਤ ਸੈਰਗਾਹ ਵਜੋਂ ਵੀ ਵਿਕਸਤ ਕੀਤਾ ਜਾ ਰਿਹਾ ਹੈ, ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਰਾਜਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਜਾ ਰਿਹਾ ਹੈ ਅਤੇ ਇਸੇ ਕੂੜੇ ਵਾਲੇ ਡੰਪ ਦੀ ਜਗ੍ਹਾ 'ਤੇ ਇੱਕ ਨਵਾਂ ਸਟੇਡੀਅਮ ਵੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਨਿਵਾਸੀਆਂ ਨੂੰ ਰਾਤ ਸਮੇਂ ਬੇਹਤਰ ਸਹੂਲਤ ਦੇਣ ਲਈ ਸ਼ਹਿਰ ਅੰਦਰ 10 ਹਜ਼ਾਰ ਐਲ.ਈ.ਡੀ. ਲਾਇਟਾਂ ਲਗਾਈਆਂ ਜਾਣਗੀਆਂ। ਵਿਧਾਇਕ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਅਗਵਾਈ ਹੇਠ ਸਮਾਣਾ ਲਈ ਵਿਸ਼ੇਸ਼ ਵਿਕਾਸ ਫੰਡ ਭੇਜੇ ਹਨ, ਜਿਸ ਨਾਲ ਕੋਵਿਡ ਮਹਾਂਮਾਰੀ ਦਰਮਿਆਨ ਵੀ ਇਕੱਲੇ ਸਮਾਣਾ ਨਗਰ ਕੌਂਸਲ ਵਿਖੇ 5 ਕਰੋੜ ਰੁਪਏ ਦੇ ਕੰਮ ਹੋਏ ਅਤੇ ਹੁਣ 177 ਵਿਕਾਸ ਕਾਰਜ ਪ੍ਰਗਤੀ ਅਧੀਨ ਹਨ। ਉਨ੍ਹਾਂ ਨੇ ਸਮਾਣਾ ਸ਼ਹਿਰ ਨੂੰ ਜੋੜਦੀਆਂ ਮੁੱਖ ਸੜਕਾਂ ਨੂੰ ਚਾਰ ਮਾਰਗੀ ਬਣਾਏ ਜਾਣ ਬਾਬਤ ਵੀ ਦੱਸਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰਾਜਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਭਾਰਤ 'ਚ ਇੱਕ ਨਵੀਂ ਈਸਟ ਇੰਡੀਆ ਕੰਪਨੀ ਬਣ ਦਿੱਤੀ ਹੈ ਅਤੇ ਹੁਣ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਮਜਾਕ ਕੀਤਾ ਜਾ ਰਿਹਾ ਹੈ ਜਦੋਂਕਿ ਕਿਸਾਨਾਂ ਦੀ ਲੜਾਈ ਨਵੀਂ ਅਜ਼ਾਦੀ ਦੀ ਲੜਾਈ ਹੈ, ਜਿਸਨੂੰ ਹਰ ਹਾਲ ਸਫ਼ਲਤਾ ਪ੍ਰਾਪਤ ਹੋਵੇਗੀ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਫ਼ਾਈ ਨੂੰ ਤਰਜ਼ੀਹ ਦਿੰਦਿਆਂ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਲਈ ਵੱਖ-ਵੱਖ ਸਕੀਮਾਂ ਅਰਬਨ ਵਾਤਾਵਰਨ ਮਿਸ਼ਨ ਅਤੇ ਸਮਾਰਟ ਵਿਲੇਜ ਸਕੀਮ ਤਹਿਤ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਲਈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਫ਼ਾਈ ਤੇ ਮਹਾਂਮਾਰੀਆਂ ਰਹਿਤ ਸਮਾਜ ਵਿਰਾਸਤ 'ਚ ਦੇਣ ਲਈ ਖ਼ੁਦ ਅੱਗੇ ਆਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਘੱਗਰ 'ਚ ਪੈਣ ਵਾਲੀਆਂ ਨਦੀਆਂ ਤੇ ਬਰਸਾਤੀ ਨਾਲਿਆਂ ਦੇ ਪ੍ਰਾਜੈਕਟ 'ਤੇ ਵਿਸ਼ੇਸ਼ ਫੰਡ ਖ਼ਰਚੇ ਜਾ ਰਹੇ ਹਨ। ਇਸ ਤੋਂ ਪਹਿਲਾਂ ਐਸ.ਡੀ.ਐਮ. ਤੇ ਨਗਰ ਕੌਂਸਲ ਦੇ ਪ੍ਰਸ਼ਾਸਕ ਸ੍ਰੀ ਨਮਨ ਮੜਕਨ ਨੇ ਸਵਾਗਤ ਕਰਦਿਆਂ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਜਾਰੀ ਹਦਾਇਤਾਂ ਦੇ ਅਧਾਰ 'ਤੇ ਸਰਕਾਰ ਵੱਲੋਂ ਜਾਰੀ ਕੀਤੇ ਫੰਡਾਂ ਨਾਲ ਤਿਆਰ ਸੈਨੇਟਰੀ ਲੈਂਡਫਿਲ ਸਾਈਟ ਦੇ ਪਿਛੋਕੜ ਅਤੇ ਸ਼ਹਿਰ 'ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਮੜਕਨ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਆਪਣੇ ਰਿਕਾਰਡ ਅਤੇ ਹੋਰ ਸੇਵਾਵਾਂ ਦੇਣ ਲਈ ਦੂਜੀ ਮੰਜਿਲ ਤੇ 15.00 ਲੱਖ ਰੁਪਏ ਨਾਲ ਹੋਰ ਕਮਰੇ ਤਿਆਰ ਕੀਤੇ ਜਾ ਰਹੇ ਹਨ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਪ੍ਰਦੁਮਨ ਸਿੰਘ ਵਿਰਕ, ਬਲਾਕ ਸੰਮਤੀ ਚੇਅਰਮੈਨ ਸੋਨੀ ਸਿੰਘ, ਐਸ.ਐਮ.ਓ. ਡਾ. ਸਤਿੰਦਰ ਸਿੰਘ, ਡੀ.ਐਸ.ਪੀ. ਸਮਾਣਾ ਸ. ਜਸਵੰਤ ਸਿੰਘ ਮਾਂਗਟ, ਤਹਿਸੀਲਦਾਰ ਸੰਦੀਪ ਸਿੰਘ, ਕਾਰਜ ਸਾਧਕ ਅਫ਼ਸਰ ਰਾਕੇਸ਼ ਸ਼ਰਮਾ, ਅਸ਼ਵਨੀ ਗੁਪਤਾ, ਯਸ਼ਪਾਲ ਸਿੰਗਲਾ, ਪ੍ਰਮੋਦ ਸਿੰਗਲਾ, ਜੀਵਨ ਗਰਗ, ਸ਼ੰਕਰ ਜਿੰਦਲ, ਰਕੇਸ਼ ਜਿੰਦਲ, ਡਾ. ਸਤਪਾਲ ਜੌਹਰੀ, ਆੜਤੀਆ ਐਸੋਏਸ਼ਨ ਦੇ ਪ੍ਰਧਾਨ ਪਵਨ ਬਾਂਸਲ, ਗੋਪਾਲ ਕੁਮਾਰ, ਪ੍ਰਦੀਪ ਸ਼ਰਮਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
ਫੋਟੋ ਕੈਪਸ਼ਨ-ਹਲਕਾ ਸਮਾਣਾ ਦੇ ਵਿਧਾਇਕ ਸ. ਰਾਜਿੰਦਰ ਸਿੰਘ ਸ਼ਹਿਰ 'ਚ ਵਿਕਸਤ ਕੀਤੇ ਨਵੇਂ ਸੈਨੇਟਰੀ ਲੈਂਡਫਿਲ ਸਾਈਟ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਲਗਾਈਆਂ ਜਾ ਰਹੀਆਂ ਐਲ.ਈ.ਡੀ. ਲਾਈਟਸ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਉਂਦੇ ਹੋਏ। ਉਨ੍ਹਾਂ ਦੇ ਨਾਲ ਸ੍ਰੀਮਤੀ ਰਵਿੰਦਰ ਕੌਰ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਵੀ ਨਜ਼ਰ ਆ ਰਹੇ ਹਨ।