‘ਪੰਜਾਬ ਸਮਾਰਟ ਕੁਨੈਕਟ ਸਕੀਮ’ ਦੇ ਦੂਜੇ ਪੜਾਅ ਤਹਿਤ ਜ਼ਿਲੇ ਦੇ 1694 ਵਿਦਿਆਰਥੀਆਂ ਨੂੰ ਮਿਲੇ ਸਮਾਰਟ ਫੋਨ






ਨਵਾਂਸ਼ਹਿਰ, 18 ਦਸੰਬਰ : (ਐਨ.ਟੀ.) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਵਿਦਿਆਰਥੀ ਵਰਗ ਨੂੰ ਤਕਨੀਕੀ ਤੌਰ 'ਤੇ ਸਮਰੱਥ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ 'ਪੰਜਾਬ ਸਮਾਰਟ ਕੁਨੈਕਟ ਸਕੀਮ' ਦਾ ਦੂਜਾ ਪੜਾਅ ਅੱਜ ਸਫਲਤਾ ਪੂਰਵਕ ਨੇਪਰੇ ਚੜ ਗਿਆ। ਇਸ ਤਹਿਤ ਅੱਜ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ 29 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਬਾਰਵੀਂ ਜਮਾਤ ਦੇ 1694 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ। ਜ਼ਿਲਾ ਹੈੱਡਕੁਆਰਟਰ 'ਤੇ ਹੋਏ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਸਮਾਰਟ ਫੋਨ ਵੰਡਣ ਦੀ ਰਸਮ ਅਦਾ ਕੀਤੀ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਿਆਂ ਅਤੇ ਸਕੂਲਾਂ ਵਿਚ ਵੀ ਵਿਦਿਆਰਥੀਆਂ ਨੂੰ ਫੋਨ ਪ੍ਰਦਾਨ ਕੀਤੇ ਗਏ। ਵਿਧਾਨ ਸਭਾ ਹਲਕਾ ਬਲਾਚੌਰ ਵਿਖੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਭੱਦੀ ਅਤੇ ਥੋਪੀਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਖੇ ਵਿਦਿਆਰਥੀਆਂ ਨੂੰ ਫੋਨ ਤਕਸੀਮ ਕੀਤੇ। ਇਸੇ ਤਰਾਂ ਵਿਧਾਨ ਸਭਾ ਹਲਕਾ ਬੰਗਾ ਵਿਖੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਵਿਦਿਆਰਥੀਆਂ ਨੂੰ ਫੋਨਾਂ ਦੀ ਵੰਡ ਕੀਤੀ। ਇਸੇ ਤਰਾਂ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਵਿਖੇ ਵਿਧਾਇਕ ਅੰਗਦ ਸਿੰਘ ਦੀ ਤਰਫੋਂ ਲਲਿਤ ਮੋਹਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਫੋਨ ਵੰਡਣ ਦੀ ਰਸਮ ਅਦਾ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਜ਼ਿਲੇ ਵਿਚ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿਚ ਕੋਰੋਨਾ ਸੰਕਟ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਵਿੱਦਿਆ ਹਾਸਲ ਕਰਨ ਵਿਚ ਸੌਖ ਪ੍ਰਦਾਨ ਕਰਨ ਦੇ ਮਕਸਦ ਨਾਲ ਸਮਾਰਟ ਫੋਨ ਪ੍ਰਦਾਨ ਕੀਤੇ ਗਏ ਹਨ, ਜਿਸ ਸਦਕਾ ਸਰਕਾਰੀ ਸਕੂਲਾਂ ਦੇ ਬੱਚੇ ਹੋਰ ਵਧੀਆ ਨਤੀਜੇ ਦੇਣ ਦੇ ਸਮਰੱਥ ਬਣਨਗੇ। ਉਨਾਂ ਦੱਸਿਆ ਕਿ ਜ਼ਿਲੇ ਵਿਚ ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ 51 ਸਕੂਲਾਂ ਦੇ ਕੁੱਲ 2889 ਵਿਦਿਆਰਥੀਆਂ ਨੂੰ ਸਮਾਰਟ ਫੋਨ ਪ੍ਰਦਾਨ ਕੀਤੇ ਗਏ ਹਨ। ਉਨਾਂ ਦੱਸਿਆ ਕਿ ਜ਼ਿਲੇ ਵਿਚ ਆਧੁਨਿਕ ਸਹੂਲਤਾਂ ਸਦਕਾ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸਕੂਲਾਂ ਵਿਚ ਸਮਾਰਟ ਕਲਾਸ ਰੂਮਜ਼ ਬਣਾਉਣ ਲਈ ਵੱਡੇ ਪੱਧਰ 'ਤੇ ਸਰਕਾਰ ਵੱਲੋਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਜ਼ਿਲੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਨਾਲ ਬੱਚਿਆਂ ਦੇ ਦਾਖ਼ਲੇ ਵਿਚ ਭਾਰੀ ਵਾਧਾ ਹੋਇਆ ਹੈ। ਇਸ ਦੌਰਾਨ ਫੋਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਉਨਾਂ ਨੂੰ ਕੋਰੋਨਾ ਸੰਕਟ ਦੌਰਾਨ ਆਨਲਾਈਨ ਪੜਾਈ ਕਰਨ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰੰਤੂ ਹੁਣ ਪੰਜਾਬ ਸਰਕਾਰ ਨੇ ਉਨਾਂ ਦੀ ਇਹ ਮੁਸ਼ਕਲ ਹੱਲ ਕਰ ਦਿੱਤੀ ਹੈ। ਉਨਾਂ ਕਿਹਾ ਕਿ ਇਸ ਨਾਲ ਉਨਾਂ ਵੱਲੋਂ ਬਿਹਤਰ ਢੰਗ ਨਾਲ ਪੜਾਈ ਕਰਨ ਦੇ ਰਸਤੇ ਖੁੱਲ ਗਏ ਹਨ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਸ) ਜਗਜੀਤ ਸਿੰਘ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਅਮਰੀਕ ਸਿੰਘ, ਸਿੱਖਿਆ ਵਿਭਾਗ ਦੇ ਬੁਲਾਰੇ ਪ੍ਰਮੋਦ ਭਾਰਤੀ, ਸੋਸ਼ਲ ਮੀਡੀਆ ਕੋਆਰਡੀਨੇਟਰ ਗੁਰਦਿਆਲ ਸਿੰਘ, ਸੁਸ਼ੀਲ ਕੁਮਾਰ ਤੋਂ ਇਲਾਵਾ ਵਿਦਿਆਰਥੀ ਅਤੇ ਉਨਾਂ ਦੇ ਮਾਪੇ ਹਾਜ਼ਰ ਸਨ।
ਕੈਪਸ਼ਨਾਂ :- -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਤਕਸੀਮ ਕਰਦੇ ਹੋਏ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ।
ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਤਕਸੀਮ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ  ਨਾਲ ਹਨ ਜ਼ਿਲਾ ਸਿੱਖਿਆ ਅਫ਼ਸਰ (ਸ) ਜਗਜੀਤ ਸਿੰਘ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਅਮਰੀਕ ਸਿੰਘ, ਪ੍ਰਮੋਦ ਭਾਰਤੀ, ਗੁਰਦਿਆਲ ਸਿੰਘ ਤੇ ਹੋਰ।
-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਦੀ ਵਿਖੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਤਕਸੀਮ ਕਰਦੇ ਹੋਏ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ। ਨਾਲ ਹਨ ਜ਼ਿਲਾ ਯੂਥ ਪ੍ਰਧਾਨ ਹੀਰਾ ਖੇਪੜ ਤੇ ਹੋਰ।