ਕੇਂਦਰੀ ਜੇਲ੍ਹ ਪਟਿਆਲਾ 'ਚ ਬਾਹਰੋਂ ਸੁੱਟੇ ਗਏ ਪੈਕੇਟਾਂ 'ਚੋਂ 9 ਮੋਬਾਇਲਾਂ ਸਮੇਤ ਹੋਰ ਸਮਾਨ ਬਰਾਮਦ, ਜੇਲ੍ਹ ਦੀ ਤਲਾਸ਼ੀ ਦੌਰਾਨ ਵੀ ਬਰਾਮਦ ਹੋਏ ਚਾਰ ਮੋਬਾਇਲ

ਧੁੰਦ ਦਾ ਨਾਜਾਇਜ਼ ਲਾਭ ਲੈਣ ਦੀ ਕੋਸ਼ਿਸ਼ 'ਚ ਸਨ ਮੁਲਜ਼ਮ : ਜੇਲ੍ਹ ਸੁਪਰਡੈਂਟ

ਪਟਿਆਲਾ, 26 ਦਸੰਬਰ: ਕੇਂਦਰੀ ਜੇਲ੍ਹ ਪਟਿਆਲਾ 'ਚ ਅੱਜ ਸਵੇਰ ਸਮੇਂ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਗਸ਼ਤ ਦੌਰਾਨ ਬਾਹਰੋਂ ਪੈਕੇਟ ਬਣਾਕੇ ਸੁੱਟੇ ਗਏ 9 ਮੋਬਾਇਲ ਫ਼ੋਨ, 4 ਚਾਰਜਰ, 9 ਡਾਟਾ ਕੇਬਲ, 4 ਈਅਰਫੋਨ, 1 ਪੈਨ ਡਰਾਈਵ, 19 ਪੈਕੇਟ ਤੰਬਾਕੂ ਅਤੇ 2 ਪੈਕੇਟ ਸਿਗਰਟ ਦੇ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਅੱਜ ਸਵੇਰੇ ਧੁੰਦ ਜ਼ਿਆਦਾ ਹੋਣ ਕਾਰਨ ਜੇਲ੍ਹ ਸਟਾਫ਼ ਵੱਲੋਂ ਜੇਲ੍ਹ ਦੀ ਬਾਹਰਲੀ ਤੇ ਅੰਦਰੂਨੀ ਕੰਧ ਵਿਚਕਾਰ ਗਸ਼ਤ ਕੀਤੀ ਜਾ ਰਹੀ ਸੀ, ਜਦੋਂ ਸਹਾਇਕ ਸੁਪਰਡੈਂਟ ਜਗਜੀਤ ਸਿੰਘ ਤੇ ਸਰਵਣ ਸਿੰਘ ਜੇਲ੍ਹ ਗਾਰਦ ਨਾਲ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਬੰਦੀ ਪੈਕੇਟ ਚੁੱਕਦਾ ਦਿਖਾਈ ਦਿੱਤਾ, ਜਿਸ ਕੋਲ ਇਕ ਝੋਲਾ ਵੀ ਸੀ ਅਤੇ ਉਹ ਗਸ਼ਤ ਪਾਰਟੀ ਨੂੰ ਦੇਖ ਕੇ ਘਬਰਾ ਕੇ ਜਦ ਦੌੜਨ ਲੱਗਿਆ ਤਾਂ ਜੇਲ੍ਹ ਅਧਿਕਾਰੀਆਂ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ ਅਤੇ ਉਸ ਦੀ ਤਲਾਸ਼ੀ ਦੌਰਾਨ 5 ਪੈਕੇਟ ਬਰਾਮਦ ਕੀਤੇ ਗਏ ਜਿਨ੍ਹਾਂ ਨੂੰ ਖੋਲ ਕੇ ਦੇਖਣ 'ਤੇ 3 ਟੱਚ ਮੋਬਾਇਲ ਫ਼ੋਨ, 6 ਕੀ ਪੈਡ ਫ਼ੋਨ, 4 ਚਾਰਜਰ, 9 ਡਾਟਾ ਕੇਬਲ, 4 ਈਅਰਫੋਨ, 1 ਪੈਨ ਡਰਾਈਵ, 19 ਪੈਕਟ ਤੰਬਾਕੂ ਅਤੇ 2 ਪੈਕਟ ਸਿਗਰਟ ਦੇ ਬਰਾਮਦ ਕੀਤੀ ਗਏ ਹਨ।  ਉਨ੍ਹਾਂ ਦੱਸਿਆ ਕਿ ਬੰਦੀ ਦਾ ਨਾਮ ਖੁਸ਼ਪ੍ਰੀਤ ਸਿੰਘ ਉਰਫ਼ ਖੁਸ਼ੀ ਹੈ ਜਿਸਨੇ ਪੁੱਛ ਗਿੱਛ ਕਰਨ 'ਤੇ ਦੱਸਿਆ ਕਿ ਇਹ ਸਮਾਨ ਹਵਾਲਾਤੀ ਗੁਰਦੀਪ ਸਿੰਘ ਉਰਫ਼ ਡੋਗਰ, ਵਿਕਰਮਜੀਤ ਸਿੰਘ ਉਰਫ਼ ਵਿਕੀ, ਸਿਕੰਦਰ ਸਿੰਘ ਨੇ ਬਾਹਰੋਂ ਆਪਣੇ ਭਰਾ ਮਨਪ੍ਰੀਤ ਸਿੰਘ ਵਾਸੀ ਪਿੰਡ ਸ਼ੰਭੂ ਖੁਰਦ, ਮਨਦੀਪ ਗਿੱਲ ਪਿੰਡ ਖੈਰਪੁਰ (ਨੇੜੇ ਬੀਰਪੁਰ) ਅਤੇ ਵਿਰਕ ਸਮਾਣਾ ਕੋਲੋ ਸੁਟਵਾਇਆ ਹੈ। ਉਨ੍ਹਾਂ ਦੱਸਿਆ ਇਹ ਤਿੰਨੋ ਬੰਦੀ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬਤੌਰ ਹਵਾਲਾਤੀ ਬੰਦ ਹਨ। ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਇਸ ਤੋਂ ਬਾਅਦ ਡਿਪਟੀ ਸੁਪਰਡੈਂਟ (ਮੈਨਟੇਨੈਂਸ) ਵਿਜੇ ਕੁਮਾਰ, ਸਹਾਇਕ ਸੁਪਰਡੈਂਟ ਹਰਬੰਸ ਸਿੰਘ, ਤੇਜਾ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਅਰਪਨਜੋਤ ਸਿੰਘ, ਝਿਰਮਲ ਸਿੰਘ ਅਤੇ ਸਹਾਇਕ ਸੁਪਰਡੈਂਟ ਬਲਦੇਵ ਸਿੰਘ ਸਮੇਤ ਜੇਲ੍ਹ ਗਾਰਦ ਵੱਲੋਂ ਕੋਰਾਟੀਨਾ 01 ਦੀ  ਤਲਾਸ਼ੀ ਕੀਤੀ ਗਈ ਅਤੇ ਤਲਾਸ਼ੀ ਦੌਰਾਨ ਵਾਰਡਰ ਜਸਕਰਨ ਸਿੰਘ ਨੇ ਕੋਰਾਟੀਨਾ 01 ਦੇ ਅੰਦਰ ਪਈ ਪੀ.ਆਈ.ਸੀ.ਐਸ ਮਸ਼ੀਨ ਦੀ ਤਲਾਸ਼ੀ ਕਰਨ 'ਤੇ 02 ਟੱਚ ਮੋਬਾਇਲ ਫ਼ੋਨ, 01 ਛੋਟਾ ਮੋਬਾਇਲ ਫ਼ੋਨ ਅਤੇ 01 ਅੱਧਸੜਿਆ ਮੋਬਾਇਲ ਫ਼ੋਨ ਜਿਸ ਵਿੱਚ ਸਿਮ ਕਾਰਡ ਵੀ ਸੀ, ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਸਮਾਨ ਸਬੰਧੀ ਮੁਕੱਦਮਾ ਦਰਜ ਕਰਨ ਲਈ ਮੁੱਖ ਅਫ਼ਸਰ ਥਾਣਾ ਤ੍ਰਿਪੜੀ ਪਟਿਆਲਾ ਨੂੰ ਲਿਖਿਆ ਗਿਆ ਹੈ। ਇਸ ਮੌਕੇ ਐਸ.ਪੀ. (ਡੀ) ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਪਾਸੋਂ ਸਾਨੂੰ ਲਿਖਤੀ ਸੂਚਨਾ ਮਿਲੀ ਹੈ ਕਿ ਜੇਲ੍ਹ ਅੰਦਰੋਂ ਮੋਬਾਇਲ ਫੋਨਾਂ ਸਮੇਤ ਹੋਰ ਬਰਾਮਦਗੀ ਹੋਈ ਹੈ, ਉਨ੍ਹਾਂ ਦੱਸਿਆ ਕਿ ਮੁਲਜ਼ਮਾ ਨੂੰ ਰਿਮਾਂਡ 'ਤੇ ਲੈਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਜਿਨ੍ਹਾਂ ਵੱਲੋਂ ਬਾਹਰੋਂ ਪੈਕੇਟ ਸੁੱਟੇ ਗਏ ਹਨ ਉਨ੍ਹਾਂ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਕੈਪਸ਼ਨ: ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਸਿਵਰਾਜ਼ ਸਿੰਘ ਨੰਦਗੜ੍ਹ ਜੇਲ੍ਹ ਅੰਦਰੋਂ ਬਰਾਮਦ ਹੋਏ ਸਮਾਨ ਸਬੰਧੀ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਦੇ ਨਾਲ ਐਸ.ਪੀ. (ਡੀ) ਹਰਮੀਤ ਸਿੰਘ ਹੁੰਦਲ ਤੇ ਡੀ.ਐਸ.ਪੀ. ਸੌਰਭ ਜਿੰਦਲ ਵੀ ਨਜ਼ਰ ਆ ਰਹੇ ਹਨ।