ਨਵਾਂਸ਼ਹਿਰ 20 ਦਸੰਬਰ ( (ਐਨ.ਟੀ) ਅੱਜ ਕਿਸਾਨ ਜਥੇਬੰਦੀਆਂ ਵਲੋਂ ਸਥਾਨਕ ਰਿਲਾਇੰਸ ਸਟੋਰ ਅੱਗੇ ਚੱਲ ਰਹੇ ਧਰਨਾ ਸਥਾਨ ਉੱਤੇ ਮੌਜੂਦਾ ਕਿਸਾਨੀ ਸੰਘਰਸ਼ ਵਿਚ ਸ਼ਹੀਦ 33 ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ । ਇਸ ਮੌਕੇ ਕਿਸਾਨਾਂ ਨੇ ਵਿਛੜੇ ਕਿਸਾਨਾਂ ਦੀ ਸਹੁੰ ਚੁੱਕ ਕੇ ਕਿਸਾਨੀ ਘੋਲ ਨੂੰ ਤਿੱਖਾ ਕਰਨ ਦਾ ਪ੍ਰਣ ਕੀਤਾ ।ਇਸ ਸ਼ਰਧਾਂਜਲੀ ਸਮਾਗਮ ਦੀ ਪ੍ਰਧਾਨਗੀ ਰੇਸ਼ਮ ਸਿੰਘ ਸਰਪੰਚ ਮਜਾਰਾ ਖੁਰਦ ,ਬਖਸ਼ੀਸ਼ ਸਿੰਘ ਮੁਜੱਫਰਪੁਰ, ਜਸਵੀਰ ਸਿੰਘ ਮੰਗੂਵਾਲ,ਮੱਖਣ ਸਿੰਘ ਭਾਨਮਜਾਰਾ ਨੇ ਕੀਤੀ ।ਸ਼ੁਰੂ ਵਿਚ ਦੋ ਮਿੰਟ ਦਾ ਮੌਨ ਧਾਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ।ਇਸ ਮੌਕੇ ਕੁਲਵਿੰਦਰ ਸਿੰਘ ਵੜੈਚ, ਇਕਬਾਲ ਸਿੰਘ ਚੀਮਾ, ਗੁਰਬਖਸ਼ ਕੌਰ ਸੰਘਾ, ਮਾਸਟਰ ਭੁਪਿੰਦਰ ਸਿੰਘ ਵੜੈਚ, ਸੁਤੰਤਰ ਕੁਮਾਰ, ਬੂਟਾ ਸਿੰਘ, ਤਰਸੇਮ ਸਿੰਘ ਬੈਂਸ, ਜੁਗਿੰਦਰ ਸਿੰਘ ਕੁੱਲੇਵਾਲ,ਸਤਪਾਲ ਸਲੋਹ, ਮੁਕੰਦ ਲਾਲ ਨੇ ਸ਼ਰਧਾਂਜਲੀਆਂ ਭੇਂਟ ਕਰਦਿਆਂ ਕਿਹਾ ਕਿ ਹੁਣ ਤੱਕ 33 ਅਣਮੋਲ ਜਿੰਦੜੀਆਂ ਕੁਰਬਾਨੀ ਦੇ ਚੁੱਕੀਆਂ ਹਨ ਪਰ ਮੋਦੀ ਸਰਕਾਰ ਇਸ ਘੋਲ ਨੂੰ ਸਿਆਸੀ ਪਾਰਟੀਆਂ ਦੇ ਉਕਸਾਵੇ ਵਾਲਾ ਅਤੇ ਗੈਰ ਕਿਸਾਨੀ ਘੋਲ ਦੱਸ ਰਹੀ ਹੈ।ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਪਰ ਮੋਦੀ ਸਰਕਾਰ ਅੜੀਅਲ ਰਵੱਈਆ ਅਪਣਾ ਕੇ ਕਿਸਾਨਾਂ ਨੂੰ ਇਹਨਾਂ ਖੇਤੀ ਕਾਨੂੰਨਾਂ ਦੇ ਲਾਭ ਦਾ ਰਟਣ-ਮੰਤਰ ਦਾ ਜਾਪ ਕਰ ਰਹੀ ਹੈ ।ਸਰਕਾਰ ਨੰਗੇ ਚਿੱਟੇ ਰੂਪ ਵਿਚ ਕਾਰਪੋਰੇਟਰਾਂ ਦੇ ਹਿੱਤ ਪੂਰ ਰਹੀ ਹੈ ।ਅੰਤਾਂ ਦੀ ਠੰਡ ਵਿਚ ਬਜੁਰਗ ,ਔਰਤਾਂ, ਬੱਚੇ, ਨੌਜਵਾਨ ਦਿੱਲੀ ਪੱਕੇ ਧਰਨੇ ਵਿਚ ਬੈਠੇ ਹਨ ।ਇਹ ਧਰਨਾ ਹੁਣ ਖੇਤੀ ਕਾਨੂੰਨ, ਬਿਜਲੀ ਬਿੱਲ 2020 ਰੱਦ ਕਰਾਉਣ ਤੋਂ ਬਗੈਰ ਖਤਮ ਨਹੀਂ ਹੋਵੇਗਾ ।ਇਸ ਮੌਕੇ ਬਾਲ ਕਲਾ ਮੰਚ ਕੁੱਲੇਵਾਲ ਦੇ ਬਾਲ ਕਲਾਕਾਰ ਸਿਮਰਨਜੀਤ ਕੌਰ, ਗੁਰਕਿਰਨ ਕੌਰ, ਸਿਮਰਨਜੀਤ ਕੌਰ, ਸੁਖਮਨਜੀਤ ਕੌਰ ਨੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ।
ਇਸੇ ਤਰ੍ਹਾਂ ਅੱਜ ਪਿੰਡ ਮਹਿਮੂਦ ਪੁਰ ਵਾਸੀਆਂ ਵੱਲੋਂ ਮੌਜੂਦਾ ਕਿਸਾਨੀ ਘੋਲ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ।ਇਸ ਮੌਕੇ ਸੰਬੋਧਨ ਕਰਦਿਆਂ ਬੂਟਾ ਸਿੰਘ ਮਹਿਮੂਦ ਪੁਰ ਅਤੇ ਬੀਬੀ ਰਣਜੀਤ ਕੌਰ ਨੇ ਆਖਿਆ ਕਿ ਕਿਸਾਨਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ ।ਕਿਸਾਨੀ ਰੋਹ ਅੱਗੇ ਝੁਕਦਿਆਂ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਹੀ ਪਵੇਗਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦਾ ਹੋਰ ਇਮਤਿਹਾਨ ਨਾ ਲਵੇ ਹੁਣ ਇਹ ਘੋਲ ਸਮੁੱਚੇ ਦੇਸ਼ ਵਾਸੀਆਂ ਦਾ ਘੋਲ ਬਣ ਚੁੱਕਾ ਹੈ ।
ਫੋਟੋ ਕੈਪਸ਼ਨ : ਮਹਿਮੂਦਪੁਰ ਚ ਅੱਜ ਸ਼ਰਧਾਂਜਲੀ ਦੇਣ ਲਈ ਜੁੜੇ ਪਿੰਡ ਵਾਸੀ.