ਨਵਾਂਸ਼ਹਿਰ, 24 ਦਸੰਬਰ : (ਐਨ ਟੀ) ਨਵਾਂਸ਼ਹਿਰ ਵਿਖੇ 'ਖੇਲੋ ਇੰਡੀਆ' ਤਹਿਤ ਵਿਸ਼ਾਲ 'ਸਟੇਟ ਆਫ ਦ ਆਰਟ ਸਪੋਰਟਸ ਕੰਪਲੈਕਸ' ਦੀ ਉਸਾਰੀ ਲਈ ਭਾਰਤ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਹੈ ਅਤੇ ਇਸ ਪ੍ਰਾਜੈਕਟ ਲਈ 4.50 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਵੀ ਜਾਰੀ ਕਰ ਦਿੱਤੀ ਗਈ ਹੈ। ਇਲਾਕਾ ਵਾਸੀਆਂ ਲਈ ਇਹ ਵੱਡੀ ਖੁਸ਼ਖ਼ਬਰੀ ਨਵਾਂਸ਼ਹਿਰ ਦੇ ਨੌਜਵਾਨ ਵਿਧਾਇਕ ਅੰਗਦ ਸਿੰਘ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਗਈ। ਉਨਾਂ ਦੱਸਿਆ ਕਿ ਇਸ ਵੱਕਾਰੀ 'ਡਰੀਮ ਪ੍ਰਾਜੈਕਟ' ਲਈ ਪਿਛਲੇ ਦੋ ਸਾਲਾਂ ਤੋਂ ਕੀਤੀਆਂ ਜਾ ਰਹੀਆਂ ਅਣਥੱਕ ਕੋਸ਼ਿਸ਼ਾਂ ਨੂੰ ਹੁਣ ਬੂਰ ਪਿਆ ਹੈ, ਜਿਸ ਨਾਲ ਆਉਂਦੇ ਦੋ ਸਾਲਾਂ ਵਿਚ ਇਥੇ ਸਾਰੀਆਂ ਆਧੁਨਿਕ ਖੇਡ ਸੁਵਿਧਾਵਾਂ ਨਾਲ ਲੈਸ ਇਕ ਵਿਸ਼ਵ ਪੱਧਰੀ ਖੇਡ ਕੰਪਲੈਕਸ ਬਣ ਕੇ ਤਿਆਰ ਹੋ ਜਾਵੇਗਾ ਅਤੇ ਨਵਾਂਸ਼ਹਿਰ ਇਕ ਖੇਡ ਹੱਬ ਵਜੋਂ ਉੱਭਰੇਗਾ। ਉਨਾਂ ਕਿਹਾ ਕਿ ਇਹ ਖੇਡ ਕੰਪਲੈਕਸ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਇਸ ਧਰਤੀ ਦੇ ਨੌਜਵਾਨਾਂ ਲਈ ਹੀ ਨਹੀਂ, ਸਗੋਂ ਇਸ ਖਿੱਤੇ ਦੇ ਹੋਰਨਾਂ ਨੌਜਵਾਨਾਂ ਲਈ ਵੀ ਇਕ ਵਰਦਾਨ ਸਿੱਧ ਹੋਵੇਗਾ। ਉਨਾਂ ਕਿਹਾ ਕਿ ਇਥੋਂ ਦੇ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਭਾਰੀ ਉਤਸਾਹ ਅਤੇ ਊਰਜਾ ਹੈ, ਪਰੰਤੂ ਖੇਡ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਉਨਾਂ ਨੂੰ ਆਪਣੀ ਪ੍ਰਤਿਭਾ ਉਜਾਗਰ ਕਰਨ ਦਾ ਮੌਕਾ ਨਹੀਂ ਸੀ ਮਿਲਦਾ ਅਤੇ ਹੁਣ ਉਨਾਂ ਨੂੰ ਇਕ ਵਿਸ਼ਾਲ ਮੰਚ ਮੁਹੱਈਆ ਹੋਣ ਜਾ ਰਿਹਾ ਹੈ। ਵਿਧਾਇਕ ਅੰਗਦ ਸਿੰਘ ਨੇ ਦੱਸਿਆ ਕਿ ਕਰੀਬ 18 ਕਰੋੜ ਰੁਪਏ ਵਾਲਾ ਇਹ ਖੇਡ ਕੰਪਲੈਕਸ ਗੰਨਾ ਮਿੱਲ ਦੇ ਸਾਹਮਣੇ ਗੁੱਜਰਪੁਰ ਵਿਖੇ 9 ਏਕੜ ਦੇ ਕਰੀਬ ਜਗਾ 'ਤੇ ਬਣੇਗਾ। ਉਨਾਂ ਦੱਸਿਆ ਕਿ ਇਸ ਵਿਸ਼ਾਲ ਕੰਪਲੈਕਸ ਵਿਚ ਇਨਡੋਰ ਸਟੇਡੀਅਮ, ਸਿੰਥੈਟਿਕ ਟਰੈਕ, ਸਵੀਮਿੰਗ ਪੂਲ, ਟੈਨਿਸ ਕੋਰਟ ਅਤੇ ਜਿਮਨੇਜ਼ੀਅਮ ਤੋਂ ਇਲਾਵਾ ਬੈਡਮਿੰਟਨ, ਸਕੂਐਸ਼, ਬਾਕਸਿੰਗ, ਜਿਮਨਾਸਟਿਕ, ਵਾਲੀਬਾਲ, ਬਾਸਕਿਟਬਾਲ, ਜੂਡੋ, ਬਿਲੀਅਰਡਜ਼, ਟੇਬਲ ਟੈਨਿਸ ਆਦਿ ਦਰਜਨ ਦੇ ਕਰੀਬ ਇਨਡੋਰ ਖੇਡਾਂ ਦੀ ਸਹੂਲਤ ਉਪਲਬੱਧ ਹੋਵੇਗੀ। ਉਨਾਂ ਦੱਸਿਆ ਕਿ ਪਹਿਲੀ ਕਿਸ਼ਤ ਵਜੋਂ ਮਿਲੀ 4.50 ਕਰੋੜ ਰੁਪਂਏ ਦੀ ਰਾਸ਼ੀ ਨਾਲ ਇਥੇ ਪਹਿਲਾਂ ਬਹੁਮੰਤਵੀ ਖੇਡ ਹਾਲ ਦੀ ਉਸਾਰੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪੂਰੇ ਸੂਬੇ ਵਿਚ ਕੇਵਲ ਨਵਾਂਸ਼ਹਿਰ ਨੂੰ ਹੀ ਇਨਡੋਰ ਖੇਡ ਹਾਲ ਅਲਾਟ ਹੋਇਆ ਹੈ। ਉਨਾਂ ਇਸ ਕਾਮਯਾਬੀ ਲਈ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਖੇਡ ਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਸਬੰਧੀ ਉਨਾਂ ਨੂੰ ਹੁਸਨ ਲਾਲ ਅਤੇ ਸੰਜੇ ਮਹਾਜਨ ਵਰਗੇ ਪੰਜਾਬ ਸਰਕਾਰ ਦੇ ਸੀਨੀਅਰ ਆਈ. ਏ. ਐਸ ਅਧਿਕਾਰੀਆਂ ਦਾ ਵੀ ਵਿਸ਼ੇਸ਼ ਸਹਿਯੋਗ ਮਿਲਿਆ। ਉਨਾਂ ਇਸ ਪ੍ਰਾਜੈਕਟ ਲਈ ਆਪਣੇ ਸਾਥੀਆਂ ਅਤੇ ਨਵਾਂਸ਼ਹਿਰ ਵਾਸੀਆਂ ਵੱਲੋਂ ਮਿਲੇ ਸਹਿਯੋਗ ਅਤੇ ਹੱਲਾਸ਼ੇਰੀ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ। ਉਨਾਂ ਕਿਹਾ ਕਿ ਉਹ ਨਵਾਂਸ਼ਹਿਰ ਦੇ ਨੌਜਵਾਨਾਂ ਲਈ 'ਸਰਵਿਸ ਬੇਸਡ ਇੰਡਸਟਰੀ' ਲਿਆਉਣ ਲਈ ਜੀਅ-ਤੋੜ ਕੋਸ਼ਿਸ਼ਾਂ ਕਰ ਰਹੇ ਹਨ ਤਾਂ ਜੋ ਉਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਹੋ ਸਕਣ। ਉਨਾਂ ਇਹ ਵੀ ਦੱਸਿਆ ਕਿ ਸਰਕਾਰੀ ਕਾਲਜ ਜਾਡਲਾ ਦੀ ਨਵੀਂ ਇਮਾਰਤ ਵਿਚ ਅਗਲੇ ਸੈਸ਼ਨ ਤੋਂ ਕਲਾਸਾਂ ਸ਼ੁਰੂ ਹੋ ਜਾਣਗੀਆਂ। ਉਨਾਂ ਦੱਸਿਆ ਕਿ 5 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਸਕੂਲ ਨਵਾਂਸ਼ਹਿਰ ਦੀ ਵੀ ਜਲਦ ਹੀ ਨੁਹਾਰ ਬਦਲੀ ਜਾ ਰਹੀ ਹੈ। ਉਨਾਂ ਕਿਹਾ ਕਿ ਨਵਾਂਸ਼ਹਿਰ ਹਲਕੇ ਦੀਆਂ ਸਾਰੀਆਂ ਮੁੱਖ ਸੜਕਾਂ ਦਾ ਕਾਇਆ ਕਲਪ ਕੀਤਾ ਗਿਆ ਹੈ ਅਤੇ ਹਲਕਾ ਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨਮਾਜਰਾ, ਜ਼ਿਲਾ ਪ੍ਰ੍ਰੀਸ਼ਦ ਦੇ ਚੇਅਰਪਰਸਨ ਹਰਮੇਸ਼ ਕੌਰ, ਕੁਲਦੀਪ ਰਾਣਾ, ਜੋਗਿੰਦਰ ਸਿੰਘ ਭਗੌਰਾਂ, ਚੌਧਰੀ ਹਰਬੰਸ ਲਾਲ, ਸਰਪੰਚ ਬੰਟੀ ਸਾਹਬਪੁਰ, ਸਰਪੰਚ ਲਖਵੀਰ ਸਿੰਘ, ਗਿਆਨੀ ਜਗਦੀਸ਼ ਬੁਰਜ ਟਹਿਲ ਦਾਸ, ਨਰੇਸ਼ ਸੂਰੀ, ਰਾਜਿੰਦਰ ਚੋਪੜਾ, ਰੋਮੀ ਖੋਸਲਾ, ਸਤਨਾਮ ਸਿੰਘ ਲਾਦੀਆਂ, ਯਾਦਵਿੰਦਰ ਸਿੰਘ, ਸਚਿਨ ਦੀਵਾਨ, ਲਲਿਤ ਸ਼ਰਮਾ, ਸਰਪੰਚ ਸੰਦੀਪ ਕੁਮਾਰ, ਰਣਜੀਤ ਰਾਣਾ, ਅਮਰਜੀਤ ਬਿਟਾ, ਬੌਬੀ ਚੋਪੜਾ, ਪਰਵੀਨ ਭਾਟੀਆ, ਚੇਤ ਰਾਮ ਰਤਨ, ਮੰਨਾ ਭਗੂਰੀਆ, ਰਾਜੇਸ਼ ਗਾਬਾ, ਅਜੀਤ ਸਿੰਘ ਸੋਇਤਾ, ਮਾਸਟਰ ਸਰਬਜੀਤ ਸਿੰਘ, ਮਾਸਟਰ ਚਮਨ ਲਾਲ, ਚੇਅਰਮੈਨ ਹਰਜੀਤ ਜਾਡਲੀ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਕੈਪਸ਼ਨ :-ਨਵਾਂਸ਼ਹਿਰ ਵਿਖੇ ਖੇਡ ਕੰਪਲੈਕਸ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਅੰਗਦ ਸਿੰਘ ਨਾਲ ਹਨ ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨਮਾਜਰਾ ਤੇ ਹੋਰ ਸ਼ਖਸੀਅਤਾਂ