ਨਵਾਂਸ਼ਹਿਰ, 26 ਦਸੰਬਰ : (ਐਨ ਟੀ) ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ 28 ਅਤੇ 29 ਦਸੰਬਰ ਨੂੰ ਕੋਵਿਡ ਵੈਕਸੀਨ ਦੇ ਕੀਤੇ ਜਾ ਰਹੇ ਟ੍ਰਾਇਲ ਰਨ ਸਬੰਧੀ ਸਪੱਸ਼ਟ ਕਰਦਿਆਂ ਦੱਸਿਆ ਕਿ ਇਸ ਡਰਾਈ ਰਨ ਦੌਰਾਨ ਕਿਸੇ ਦੇ ਵੀ ਵੈਕਸੀਨ ਨਹੀਂ ਲੱਗ ਰਹੀ ਅਤੇ ਇਸ ਦੌਰਾਨ ਕੇਵਲ ਟੀਕਾਕਰਨ ਪ੍ਰਕਿਰਿਆ ਦੀ ਤਿਆਰੀ ਦਾ ਅਭਿਆਸ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕੋਵਿਡ ਵੈਕਸੀਨ ਕਿਸੇ ਵੀ ਵੇਲੇ ਵੀ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਜਦੋਂ ਵੈਕਸੀਨ ਲਾਂਚ ਹੋਵੇਗੀ ਤਾਂ ਪਹਿਲੇ ਪੜਾਅ ਵਿਚ ਡਾਕਟਰਾਂ ਅਤੇ ਮੈਡੀਕਲ ਸਟਾਫ ਦਾ ਟੀਕਾਕਰਨ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪਹਿਲੇ ਪੜਾਅ ਦੇ ਟੀਕਾਕਰਨ ਦੀ ਤਿਆਰੀ ਲਈ ਟੈਸਟ ਜਾਂ ਟ੍ਰਾਇਲ ਰਨ ਕੀਤਾ ਜਾ ਰਿਹਾ ਹੈ, ਜਿਸ ਲਈ ਦੇਸ਼ ਭਰ ਦੇ 7-8 ਜ਼ਿਲੇ ਚੁਣੇ ਗਏ ਹਨ, ਜਿਨਾਂ ਵਿਚ ਸ਼ਹੀਦ ਭਗਤ ਸਿੰਘ ਨਗਰ ਜ਼ਿਲਾ ਵੀ ਸ਼ਾਮਿਲ ਹੈ। ਉਨਾਂ ਦੱਸਿਆ ਕਿ ਇਸ ਦੌਰਾਨ ਡਾਟਾ ਐਂਟਰੀ ਪੋਰਟਲ ਅਤੇ ਕੋਲਡ ਚੇਨ ਆਦਿ ਸਬੰਧੀ ਸਾਰਾ ਸਿਸਟਮ ਚੈੱਕ ਕੀਤਾ ਜਾਵੇਗਾ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਦੌਰਾਨ ਟੀਕਾਕਰਨ ਲਈ ਪਬਲਿਕ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਐਕਚੂਅਲ ਵਿਚ ਕਿਸੇ ਦਾ ਟੀਕਾਕਰਨ ਹੋਵੇਗਾ। ਉਨਾਂ ਕਿਹਾ ਕਿ ਕੋਵਿਡ-19 ਵੈਕਸੀਨ ਦੇ ਟ੍ਰਾਇਲ ਰਨ ਦਾ ਉਦੇਸ਼ ਟੀਕਾਕਰਨ ਸ਼ੁਰੂ ਕਰਨ ਲਈ ਨਿਰਧਾਰਤ ਢੰਗਾਂ ਦੀ ਜਾਂਚ ਕਰਨਾ ਹੈ। ਉਨਾਂ ਕਿਹਾ ਕਿ ਇਹ ਅਭਿਆਸ ਕਿਸੇ ਵੀ ਅੰਦਰੂਨੀ ਘਾਟਾਂ ਜਾਂ ਰੁਕਾਵਟਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ ਤਾਂ ਜੋ ਸਮਾਂ ਰਹਿੰਦਿਆਂ ਉਨਾਂ ਦਾ ਹੱਲ ਕੀਤਾ ਜਾ ਸਕੇ।
ਫੋਟੋ :-ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ।