ਐਮ.ਪੀ. ਪਰਨੀਤ ਕੌਰ ਵੱਲੋਂ ਵੀਡੀਓ ਕਾਲ ਰਾਹੀਂ ਦੁਖੀ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ
ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਮਿਲੇਗੀ-ਚੰਦਰ ਗੈਂਦ
ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਮਿਲੇਗੀ-ਚੰਦਰ ਗੈਂਦ
ਭਾਦਸੋਂ/ਨਾਭਾ/ਸਨੌਰ/ਪਟਿਆਲਾ, 17 ਦਸੰਬਰ: : (ਐਨ.ਟੀ. ਬਿਊਰੋ) ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਪਟਿਆਲਾ ਜ਼ਿਲ੍ਹੇ ਦੇ ਤਿੰਨ ਕਿਸਾਨਾਂ ਦੇ ਪੀੜਤ ਪਰਿਵਾਰਾਂ ਕੋਲ ਪੁੱਜ ਕੇ ਜਿੱਥੇ ਹਮਦਰਦੀ ਦੇ ਬੋਲ ਸਾਂਝੇ ਕੀਤੇ ਉਥੇ ਨਾਲ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਇਨ੍ਹਾਂ ਪਰਿਵਾਰਾਂ ਨੂੰ ਅਗਲੇ ਦਿਨਾਂ 'ਚ 5-5 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗਾਂਟ ਦੇਣ ਦਾ ਵੀ ਭਰੋਸਾ ਦਿੱਤਾ। ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਉਂਦਿਆਂ ਸ੍ਰੀ ਚੰਦਰ ਗੈਂਦ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਇਸ ਮੁਸ਼ਕਿਲ ਘੜੀ ਵਿੱਚ ਕਿਸਾਨ ਪਰਿਵਾਰਾਂ ਦੇ ਨਾਲ ਖੜ੍ਹ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਇਨ੍ਹਾਂ ਸਬ ਡਵੀਜਨਾਂ ਦੇ ਐਸ.ਡੀ.ਐਮ ਕਾਲਾ ਰਾਮ ਕਾਂਸਲ ਤੇ ਚਰਨਜੀਤ ਸਿੰਘ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਡਵੀਜ਼ਨਲ ਕਮਿਸ਼ਨਰ ਨੇ ਇਸ ਮੌਕੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਵੀਡੀਓ ਕਾਲ ਰਾਹੀਂ ਇਨ੍ਹਾਂ ਪਰਿਵਾਰਾਂ ਨਾਲ ਗੱਲਬਾਤ ਕਰਵਾਈ, ਜਿਸ ਦੌਰਾਨ ਲੋਕ ਸਭਾ ਮੈਂਬਰ ਨੇ ਪੀੜਤ ਪਰਿਵਾਰਾਂ ਨੂੰ ਦਿਲਾਸਾ ਦਿੰਦਿਆਂ ਜਿੱਥੇ ਹਮਦਰਦੀ ਦਾ ਇਜ਼ਹਾਰ ਕੀਤਾ ਉਥੇ ਹੀ ਕਿਹਾ ਕਿ ਉਹ ਖ਼ੁਦ ਆਕੇ ਇਨ੍ਹਾਂ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਅਤੇ ਪੀੜਤ ਪਰਿਵਾਰਾਂ ਨੂੰ ਜਿੱਥੇ 5-5 ਲੱਖ ਰੁਪਏ ਦੀ ਵਿਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ, ਉਥੇ ਹੀ ਹੋਰ ਵੀ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਭਾਦਸੋਂ ਨੇੜਲੇ ਪਿੰਡ ਸਹੌਲੀ ਦੇ 60 ਸਾਲਾ ਕਿਸਾਨ ਪਾਲ ਸਿੰਘ ਦੀ 102 ਸਾਲਾ ਬਜ਼ੁਰਗ ਮਾਤਾ ਬਚਨ ਕੌਰ ਨੂੰ ਗਲ ਲਾਕੇ ਦਿਲਾਸਾ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਇਸ ਦੁੱਖ ਦੀ ਘੜੀ 'ਚ ਉਨ੍ਹਾਂ ਦੇ ਨਾਲ ਹੈ। ਸ੍ਰੀ ਗੈਂਦ ਨੇ ਮ੍ਰਿਤਕ ਕਿਸਾਨ ਦੀ ਵਿਧਵਾ ਅਮਰਜੀਤ ਕੌਰ ਤੇ ਭਰਾ ਪਾਖਰ ਸਿੰਘ ਨਾਲ ਵੀ ਹਮਦਰਦੀ ਪ੍ਰਗਟਾਈ। ਇਸ ਤੋਂ ਬਾਅਦ ਸ੍ਰੀ ਚੰਦਰ ਗੈਂਦ ਨੇ ਸਨੌਰ ਦੇ ਪਿੰਡ ਸਫੇੜਾ ਵਿਖੇ ਪੁੱਜ ਕੇ ਸਿੰਘੂ ਬਾਰਡਰ ਤੋਂ ਵਾਪਸ ਪਰਤਦੇ ਸਮੇਂ ਇੱਕ ਸੜਕ ਹਾਦਸੇ 'ਚ ਆਪਣੀ ਜਾਨ ਗਵਾਉਣ ਵਾਲੇ 22 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਅਤੇ 68 ਸਾਲਾ ਕਿਸਾਨ ਲਾਭ ਸਿੰਘ ਦੀ ਪਤਨੀ ਅਮਰਜੀਤ ਕੌਰ, ਪੁੱਤਰ ਗੁਰਮੇਲ ਸਿੰਘ ਤੇ ਪੁੱਤਰੀਆਂ ਮਨਵੀਰ ਕੌਰ ਤੇ ਗੁਰਲੀਨ ਕੌਰ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਨੇ ਇਸੇ ਹਾਦਸੇ 'ਚ ਜਖ਼ਮੀ ਹੋਏ ਪਿੰਡ ਦੇ ਸਰਪੰਚ ਨਰਿੰਦਰ ਸਿੰਘ ਦਾ ਵੀ ਹਾਲ-ਚਾਲ ਜਾਣਿਆ। ਇਸ ਦੌਰਾਨ ਸ੍ਰੀ ਚੰਦਰ ਗੈਂਦ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ ਉਹ ਇਨ੍ਹਾਂ ਪਰਿਵਾਰਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨੀ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਲਦੀ ਪ੍ਰਦਾਨ ਕਰਵਾਉਣ ਲਈ ਯਤਨ ਕਰਨ ਅਤੇ ਨਾਲ ਹੀ ਜੇਕਰ ਪਰਿਵਾਰ ਨੂੰ ਕਿਸੇ ਹੋਰ ਸਹਾਇਤਾ ਦੀ ਜਰੂਰਤ ਹੋਵੇ ਤਾਂ ਉਸ ਪ੍ਰਤੀ ਵੀ ਗ਼ੌਰ ਕੀਤਾ ਜਾਵੇ। ਡਵੀਜਨਲ ਕਮਿਸ਼ਨਰ ਨੇ ਹੋਰ ਦੱਸਿਆ ਕਿ ਇਸ ਤੋਂ ਪਹਿਲਾਂ 23 ਨਵੰਬਰ ਨੂੰ ਅਜੀਤ ਨਗਰ ਸ਼ੁਤਰਾਣਾ ਅੱਡਾ ਦੇ ਇੱਕ ਕਿਸਾਨ ਹਜ਼ੂਰਾ ਸਿੰਘ ਦੀ ਵੀ ਇਸ ਸੰਘਰਸ਼ ਦੌਰਾਨ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਜਦੋਂਕਿ ਤਰਾਵੜੀ ਨੇੜੇ ਵਾਪਰੇ ਸੜਕ ਹਾਦਸੇ 'ਚ 6 ਕਿਸਾਨ ਜਖ਼ਮੀ ਹੋਏ ਸਨ, ਇਨ੍ਹਾਂ 'ਚੋਂ 4 ਇਲਾਜ ਅਧੀਨ ਹਨ ਤੇ ਦੋ ਜਣਿਆਂ ਨੂੰ ਛੁੱਟੀ ਮਿਲ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ੌਤ ਹੋਣ ਵਾਲੇ ਕਿਸਾਨਾਂ ਨੂੰ 5 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50 ਹਜ਼ਾਰ ਰੁਪਏ ਦੀ ਦੀ ਸਹਾਇਤਾ ਰਾਸ਼ੀ ਦੇਣ ਲਈ ਕੇਸ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ। ਇਸ ਮੌਕੇ ਡੀ.ਐਸ.ਪੀ. ਨਾਭਾ ਰਜੇਸ਼ ਛਿੱਬੜ, ਤਹਿਸੀਲਦਾਰ ਨਾਭਾ ਸੁਖਜਿੰਦਰ ਸਿੰਘ ਟਿਵਾਣਾ ਤੇ ਨਾਇਬ ਤਹਿਸੀਲਦਾਰ ਪਟਿਆਲਾ ਪਵਨਦੀਪ ਸਿੰਘ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਪਿੰਡਾਂ ਦੇ ਪਤਵੰਤੇ ਮੌਜੂਦ ਸਨ।
ਕੈਪਸ਼ਨ-ਪਿੰਡ ਸਹੌਲੀ ਵਿਖੇ ਕਿਸਾਨ ਪਾਲ ਸਿੰਘ ਦੀ 102 ਸਾਲਾ ਬਜ਼ੁਰਗ ਮਾਤਾ ਬਚਨ ਕੌਰ ਨੂੰ ਦਿਲਾਸਾ ਦਿੰਦੇ ਹੋਏ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ
ਕੈਪਸ਼ਨ-ਪਿੰਡ ਸਹੌਲੀ ਵਿਖੇ ਕਿਸਾਨ ਪਾਲ ਸਿੰਘ ਦੀ 102 ਸਾਲਾ ਬਜ਼ੁਰਗ ਮਾਤਾ ਬਚਨ ਕੌਰ ਨੂੰ ਦਿਲਾਸਾ ਦਿੰਦੇ ਹੋਏ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ