ਕੋਵਿਡ-19 ਕਾਰਨ ਅਗਸਤ 2020 'ਚ ਮੁਲਤਵੀ ਕੀਤੀ ਭਰਤੀ ਰੈਲੀ ਹੁਣ ਫਰਵਰੀ 'ਚ ਕੀਤੀ ਜਾਵੇਗੀ : ਕਰਨਲ ਚੰਦੇਲ
ਪਟਿਆਲਾ, 17 ਦਸੰਬਰ: (ਐਨ.ਟੀ. ਬਿਊਰੋ) ਫ਼ੌਜ ਦੇ ਆਰਮੀ ਭਰਤੀ ਦਫ਼ਤਰ, ਪਟਿਆਲਾ ਵੱਲੋਂ ਹਰ ਸਾਲ ਭਾਰਤੀ ਫ਼ੌਜ 'ਚ ਭਰਤੀ ਲਈ ਕੀਤੀ ਜਾਂਦੀ ਰੈਲੀ ਸਾਲ 2020 'ਚ ਕੋਵਿਡ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ, ਜੋ ਹੁਣ 7 ਫਰਵਰੀ 2021 ਨੂੰ ਕਰਵਾਈ ਜਾ ਰਹੀ ਹੈ, ਇਸ ਰੈਲੀ 'ਚ ਪਟਿਆਲਾ ਸਮੇਤ ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਉਹ ਨੌਜਵਾਨ ਹਿੱਸਾ ਲੈ ਸਕਣਗੇ ਜਿਨ੍ਹਾਂ ਵੱਲੋਂ ਜੂਨ ਤੇ ਜੁਲਾਈ 2020 ਮਹੀਨੇ 'ਚ ਆਪਣੀ ਆਨ ਲਾਇਨ ਰਜਿਸਟਰੇਸ਼ਨ ਕਰਵਾਈ ਹੋਈ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਨੂੰ ਭਰਤੀ ਰੈਲੀ ਦੀਆਂ ਤਿਆਰੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ (ਜਨਰਲ) ਡਾ. ਇਸਮਤ ਵਿਜੈ ਸਿੰਘ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਭਰਤੀ ਹੋਣ ਆਏ ਨੌਜਵਾਨਾਂ ਲਈ ਪੁਖਤਾ ਪ੍ਰਬੰਧ ਕਰਨ ਅਤੇ ਕੋਵਿਡ-19 ਤੋਂ ਬਚਾਅ ਲਈ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਭਰਤੀ ਲਈ ਆਏ ਨੌਜਵਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਭਰਤੀ ਰੈਲੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਫ਼ੌਜ ਵੱਲੋਂ ਹਰੇਕ ਸਾਲ ਪਟਿਆਲਾ ਵਿਖੇ ਪੰਜ ਜ਼ਿਲ੍ਹਿਆਂ ਦੀ ਭਰਤੀ ਰੈਲੀ ਕੀਤੀ ਜਾਂਦੀ ਹੈ ਪਰ ਕੋਵਿਡ ਕਾਰਨ 2020 ਦੀ ਭਰਤੀ ਰੈਲੀ ਮੁਲਤਵੀ ਕੀਤੀ ਗਈ ਸੀ ਜੋ ਹੁਣ 7 ਫਰਵਰੀ 2021 ਤੋਂ ਕੀਤੀ ਜਾ ਰਹੀ ਹੈ, ਜਿਸ ਵਿੱਚ ਪਟਿਆਲਾ ਸਮੇਤ ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਪਹਿਲਾਂ ਤੋਂ ਰਜਿਸਟਰਡ ਨੌਜਵਾਨ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰਜਿਸਟਡਰ ਨੌਜਵਾਨਾਂ ਨੂੰ ਭਰਤੀ ਰੈਲੀ 'ਚ ਸ਼ਾਮਲ ਹੋਣ ਸਮੇਂ ਕੋਵਿਡ-19 ਦੀਆਂ ਹਦਾਇਤਾ ਦੀ ਪਾਲਣਾ ਯਕੀਨੀ ਬਣਾਉਣੀ ਹੋਵੇਗੀ।ਕੈਪਸ਼ਨ : ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੈ ਸਿੰਘ ਭਰਤੀ ਰੈਲੀ ਸਬੰਧੀ ਭਰਤੀ ਡਾਇਰੈਕਟਰ ਕਰਨਲ ਆਰ.ਆਰ ਚੰਦੇਲ ਨਾਲ ਮੀਟਿੰਗ ਕਰਦੇ ਹੋਏ।