ਕੈਬਨਿਟ ਮੰਤਰੀ ਸੋਨੀ ਨੇ ਵਾਰਡ ਨੰ: 57 ਵਿਖੇ 1.25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੀਤਾ ਉਦਘਾਟਨ


ਅੰਮ੍ਰਿਤਸਰ 16 ਦਸੰਬਰ :-(ਐਨ.ਟੀ. ਬਿਊਰੋ) ਸਮਾਰਟ ਸਿਟੀ ਤਹਿਤ ਅੰਮ੍ਰਿਤਸਰ ਵਿਖੇ ਕਈ ਤਰਾਂ ਦੇ ਪ੍ਰੋਜੈਕਟ ਚੱਲ ਰਹੇ ਹਨ ਅਤੇ ਆਉਂਦੇ ਕੁਝ ਮਹੀਨਿਆਂ ਵਿੱਚ ਸ਼ਹਿਰ ਦੀ ਨੁਹਾਰ ਬਦਲ ਜਾਵੇਗੀ।  ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ  ਸਮਾਰਟ ਸਿਟੀ ਪ੍ਰੋਜੈਕਟ ਤਹਿਤ ਚਲ ਰਹੇ ਕੰਮਾਂ ਦਾ ਨਿਰੀਖਣ ਕਰਨ ਉਪਰੰਤ ਕੀਤਾ। ਸ੍ਰੀ ਸੋਨੀ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਹੀ ਲੋਹਗੜ ਗੇਟ ਤੋਂ ਸੁਲਤਾਨਵਿੰਡ ਗੇਟ ਤੱਕ ਬਿਜਲੀ ਦੀਆਂ ਸਾਰੀਆਂ ਤਾਰਾਂ ਅੰਡਰਗਾਊਂਡ ਕੀਤੀਆਂ ਜਾ ਰਹੀਆਂ  ਹਨ ਅਤੇ ਸੀਵਰੇਜ ਸਿਸਟਮ ਵਿਚ ਵੀ ਸੁਧਾਰ ਕੀਤਾ ਜਾ ਰਿਹਾ ਹੈ।  ਉਨਾਂ ਦੱਸਿਆ ਕਿ ਵਿਕਾਸ ਦੇ ਕੰਮ ਤੇਜੀ ਨਾਲ ਚੱਲ ਰਹੇ ਹਨ ਅਤੇ ਆਉਂਦੇ ਹੀ ਕੁਝ ਮਹੀਨਿਆਂ ਵਿਚ ਸਾਰੇ ਕੰਮ ਮੁਕੰਮਲ ਹੋ ਜਾਣਗੇ। ਇਸ ਮੌਕੇ ਸ੍ਰੀ ਸੋਨੀ ਵਲੋਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਗੁਣਵਤਾ ਭਰਪੂਰ ਹੋਣੇ  ਚਾਹੀਦੇ  ਹਨ ਅਤੇ ਵਿਕਾਸ ਦੇ ਕੰਮਾਂ ਵਿਚ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਉਪਰੰਮ ਸ੍ਰੀ ਸੋਨੀ ਵਲੋਂ ਵਾਰਡ ਨੰ: 57 ਅਧੀਨ ਪੈਂਦੇ ਇਲਾਕੇ ਲਾਹੌਰੀ ਗੇਟ ਵਿਖੇ ਗੰਦਾ ਨਾਲਾ ਜੋ ਕਿ ਕੁਝ ਸਮਾਂ ਪਹਿਲਾਂ ਢੱਕ ਦਿੱਤਾ ਗਿਆ ਸੀ ਉਪਰ 1.25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ ਟੱਕ ਲਗਾ ਕੇ ਕੀਤਾ।  ਸ੍ਰੀ ਸੋਨੀ ਨੇ ਦੱਸਿਆ ਕਿ ਉਨਾਂ ਦੇ ਮੇਅਰ ਸਮੇਂ ਇਸ ਨਾਲੇ ਨੂੰ ਕਵਰ ਕੀਤਾ ਗਿਆ ਸੀ । ਸ੍ਰੀ ਸੋਨੀ ਨੇ ਕਿਹਾ ਕਿ ਇਸ ਨਾਲੇ ਉਪਰ ਸੜਕ ਬਣਨ ਨਾਲ ਇਕ ਹੋਰ ਨਵਾਂ ਰਸਤਾ ਬਣ ਜਾਵੇਗਾ ਜਿਸ ਨਾਲ ਟਰੈਫਿਕ ਸਮੱਸਿਆ ਵਿਚ ਵੀ ਕਾਫ਼ੀ ਸੁਧਾਰ ਹੋਵੇਗਾ। ਇਸ ਮੌਕੇ ਨਗਰ ਨਿਗਮ ਦੇ ਮੇਅਰ ਸ: ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਸਮਾਰਟ ਸਿਟੀ ਦੇ ਦੂਜੇ ਫੇਜ ਵਿੱਚ ਪਾਰਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ  ਹੈ। ਉਨਾਂ ਕਿਹਾ ਕਿ ਨਗਰ ਨਿਗਮ ਵਲੋਂ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਹਰੇਕ ਵਾਰਡ ਵਿੱਚ ਨਵੇਂ ਟਿਊਬਵੈਲ ਲਗਾਏ ਗਏ ਹਨ। ਮੇਅਰ ਨੇ ਕਿਹਾ ਕਿ ਵਿਕਾਸ ਦੇ ਕੰਮਾਂ ਵਿਚ ਕਿਸੇ ਤਰਾਂ ਦੀ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡਿਪਟੀ ਮੇਅਰ ਸ੍ਰੀ ਯੂਨਸ ਕੁਮਾਰ, ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਅਰੁਣ ਪੱਪਲ, ਕੌਂਸਲਰ ਵਿਕਾਸ ਸੋਨੀ, ਪਰਮਜੀਤ ਸਿੰਘ ਚੋਪੜਾ, ਸੋਮਨਾਥ, ਕ੍ਰਿਸ਼ਨ ਮੱਟੂ , ਰਜਿੰਦਰ ਕਾਕਾ, ਸ੍ਰੀ ਬੋਬੀ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਕੈਪਸ਼ਨ :  ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਟੱਕ ਲਗਾ ਕੇ ਬਣਨ ਵਾਲੀ ਸੜਕ ਦਾ ਉਦਘਾਟਨ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਮੇਅਰ ਸ: ਕਰਮਜੀਤ ਸਿੰਘ ਰਿੰਟੂ