ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਤੀਜੇ ਪੜਾਅ ਤਹਿਤ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਵਿਦਿਆਰਥੀਆਂ ਨੂੰ ਤਕਸੀਮ ਕੀਤੇ ਸਮਾਰਟ ਫੋਨ

 ਪੰਜਾਬ ਸਮਾਰਟ ਕੁਨੈਕਟ ਸਕੀਮ' ਦੇ ਤੀਜੇ ਪੜਾਅ ਵਿਚ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ 875 ਵਿਦਿਆਰਥੀਆਂ ਨੂੰ ਮਿਲੇ ਸਮਾਰਟ ਫੋਨ

ਨਵਾਂਸ਼ਹਿਰ, 31 ਦਸੰਬਰ : (ਐਨ ਟੀ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਕੂਲ ਸਿੱਖਿਆ ਢਾਂਚੇ ਨੂੰ ਸਮੇਂ ਦੇ ਹਾਣ ਦਾ ਬਣਾਉਣ ਦੇ ਯਤਨਾਂ ਤਹਿਤ ਅੱਜ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਬਾਰਵੀਂ ਜਮਾਤ ਵਿਚ ਪੜਦੇ ਵਿਦਿਆਰਥੀਆਂ ਨੂੰ ਸਮਾਰਅ ਫੋਨ ਦੇਣ ਦੀ ਮੁਹਿੰਮ ਅੱਜ ਸਫਲਤਾ ਪੂਰਵਕ ਨੇਪਰੇ ਚੜ ਗਈ। 'ਪੰਜਾਬ ਸਮਾਰਟ ਕੁਨੈਕਟ ਸਕੀਮ' ਦੇ ਤੀਜੇ ਪੜਾਅ ਤਹਿਤ ਅੱਜ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਬਾਰਵੀਂ ਜਮਾਤ ਦੇ 875 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ। ਇਸ ਤਰਾਂ ਜ਼ਿਲੇ ਦੇ ਬਾਰਵੀਂ ਜਮਾਤ ਦੇ ਕੁਲ 3755 ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਅੱਜ ਟੀਚਾ ਪੂਰਾ ਹੋ ਗਿਆ। ਇਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਵਿਖੇ ਹੋਏ ਜ਼ਿਲਾ ਪੱਧਰੀ ਸਮਾਗਮ ਵਿਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਸ੍ਰੀਮਤੀ ਅਰੁਨਾ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਐਮ. ਐਲ. ਏ ਨਵਾਂਸ਼ਹਿਰ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਮੌਜੂਦਗੀ ਵਿਚ ਵਿਦਿਆਰਥੀਆਂ ਨੂੰ ਸਮਾਰਟ ਫੋਨ ਤਕਸੀਮ ਕੀਤੇ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਿਆਂ ਅਤੇ ਸਕੂਲਾਂ ਵਿਚ ਵੀ ਵਿਦਿਆਰਥੀਆਂ ਨੂੰ ਫੋਨ ਪ੍ਰਦਾਨ ਕੀਤੇ ਗਏ। ਇਸ ਮੌਕੇ ਕੈਬਨਿਟ ਮੰਤਰੀ ਅਤੇ ਹੋਰਨਾਂ ਸ਼ਖਸੀਅਤਾਂ ਨੇ ਰਾਜ ਪੱਧਰੀ ਸਮਾਗਮ ਨਾਲ ਸਿੱਧੇ ਤੌਰ 'ਤੇ ਆਨਲਾਈਨ ਜੁੜਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਹੋਰਨਾਂ ਮੰਤਰੀ ਸਾਹਿਬਾਨ ਤੇ ਸ਼ਖਸੀਅਤਾਂ ਦੇ ਵਿਚਾਰ ਸੁਣੇ। ਇਸ ਮੌਕੇ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਜ਼ਿਲਾ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਸਭਨਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕੋਰੋਨਾ ਸੰਕਟ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਵਿੱਦਿਆ ਹਾਸਲ ਕਰਨ 'ਚ ਸੌਖ ਪ੍ਰਦਾਨ ਕਰਨ ਦੇ ਮਕਸਦ ਨਾਲ ਸਮਾਰਟ ਫੋਨ ਪ੍ਰਦਾਨ ਕੀਤੇ ਗਏ ਹਨ। ਉਨਾਂ ਕਿਹਾ ਕਿ ਅਗਲੇ ਸੈਸ਼ਨ ਵਿਚ ਵੀ ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ। ਉਨਾਂ ਕਿਹਾ ਕਿ ਆਨਲਾਈਨ ਸਿੱਖਿਆ ਦੇਣ ਵਿਚ ਪੰਜਾਬ ਦੇਸ਼ ਭਰ ਵਿਚੋਂ ਮੋਹਰੀ ਸੂਬਾ ਬਣਨ ਦੇ ਨਾਲ-ਨਾਲ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਵਾਲਾ ਸਰਬੋਤਮ ਰਾਜ ਬਣਿਆ ਹੈ। ਉਨਾਂ ਕਿਹਾ ਕਿ ਸਰਕਾਰ ਨੇ ਸਕੂਲਾਂ ਨੂੰ ਸਮਾਰਟ ਬਣਾਉਣ ਤੋਂ ਇਲਾਵਾ ਉਨਾਂ ਵਿਚ ਸਮਾਰਟ ਕਲਾਸ ਰੂਮਜ਼ ਬਣਾਉਣ ਲਈ ਵੱਡੇ ਪੱਧਰ 'ਤੇ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਵਿਧਾਇਕ ਅੰਗਦ ਸਿੰਘ ਨੇ ਇਸ ਮੌਕੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਅਤੇ ਦਾਖ਼ਲੇ ਦੇ ਵਾਧੇ ਤੋਂ ਪ੍ਰਤੱਖ ਰੂਪ ਵਿਚ ਪਤਾ ਲੱਗਦਾ ਹੈ ਕਿ ਸਰਕਾਰੀ ਸਕੂਲ ਹੁਣ ਹਰ ਪੱਖੋਂ ਸਮੇਂ ਦੇ ਹਾਣ ਦੇ ਬਣ ਚੁੱਕੇ ਹਨ ਅਤੇ ਮਾਪਿਆਂ ਨੂੰ ਆਕਰਸ਼ਿਤ ਕਰ ਰਹੇ ਹਨ। ਉਨਾਂ ਕਿਹਾ ਕਿ ਜ਼ਿਲੇ ਦੇ ਨੌਜਵਾਨਾਂ ਲਈ ਉਨਾਂ ਵੱਲੋਂ ਵਿਸ਼ੇਸ਼ ਪ੍ਰਾਜੈਕਟ ਲਿਆਂਦੇ ਗਏ ਹਨ, ਜਿਨਾਂ ਲਈ ਜਲਦ ਹੀ ਕੰਮ ਸ਼ੁਰੂ ਹੋ ਰਿਹਾ ਹੈ।
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਸ ਦੌਰਾਨ ਕਿਹਾ ਕਿ ਸਮਾਰਟ ਫੋਨਾਂ ਰਾਹੀਂ ਵਿਦਿਆਰਥੀਆਂ ਨੂੰ ਕੋਰੋਨਾ ਸੰਕਟ ਦੌਰਾਨ ਆਨਲਾਈਨ ਪੜਾਈ ਬਿਹਤਰ ਢੰਗ ਨਾਲ ਕਰਨ ਦੇ ਰਾਹ ਖੁੱਲੇ ਹਨ। ਇਸ ਦੌਰਾਨ ਫੋਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਉਨਾਂ ਨੂੰ ਆਨਲਾਈਨ ਪੜਾਈ ਕਰਨ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰੰਤੂ ਹੁਣ ਪੰਜਾਬ ਸਰਕਾਰ ਨੇ ਉਨਾਂ ਦੀ ਇਹ ਮੁਸ਼ਕਲ ਹੱਲ ਕਰ ਦਿੱਤੀ ਹੈ। ਇਸ ਮੌਕੇ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ (ਸ) ਜਗਜੀਤ ਸਿੰਘ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਅਮਰੀਕ ਸਿੰਘ, ਪਿ੍ਰੰਸੀਪਲ ਪਵਨ ਇੰਦਰਜੀਤ ਕੌਰ, ਸਤਨਾਮ ਸਿੰਘ ਕਾਹਮਾ, ਬਲਾਕ ਸੰਮਤੀ ਮੈਂਬਰ ਸੁਖਵਿੰਦਰ ਕੌਰ, ਸਰਪੰਚ ਪਰਮਿੰਦਰ ਜੀਤ ਕੌਰ, ਸਿੱਖਿਆ ਵਿਭਾਗ ਦੇ ਬੁਲਾਰੇ ਪ੍ਰਮੋਦ ਭਾਰਤੀ, ਪ੍ਰੈੱਸ ਮੀਡੀਆ ਕੋਆਰਡੀਨੇਟਰ ਨਿਰਮਲ ਸਿੰਘ, ਹਿਤੇਸ਼ ਸਹਿਗਲ, ਵਿਨੇ ਸ਼ਰਮਾ ਤੋਂ ਇਲਾਵਾ ਸਕੂਲ ਸਟਾਫ, ਪੰਚਾਇਤ ਮੈਂਬਰ, ਵਿਦਿਆਰਥੀ ਅਤੇ ਉਨਾਂ ਦੇ ਮਾਪੇ ਹਾਜ਼ਰ ਸਨ।
ਕੈਪਸ਼ਨਾਂ :-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਵਿਖੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਤਕਸੀਮ ਕਰਦੇ ਹੋਏ ਕੈਬਨਿਟ ਮੰਤਰੀ ਅਰੁਨਾ ਚੌਧਰੀ। ਨਾਲ ਹਨ ਵਿਧਾਇਕ ਅੰਗਦ ਸਿੰਘ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਤੇ ਹੋਰ