
ਪਟਿਆਲਾ 21 ਦਸੰਬਰ: : (ਐਨ ਟੀ) ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਦਾ ਅੱਖਰਕਾਰੀ ਮੁਕਾਬਲਾ ਭਲਕੇ 22 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਐਲੀ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਕਲੱਸਟਰ ਪੱਧਰ 'ਤੇ ਪਹਿਲੇ ਤਿੰਨ ਸਥਾਨਾਂ ਉੱਪਰ ਤਹਿਣ ਵਾਲੇ ਅਧਿਆਪਕਾਂ ਦੇ ਨਾਮ ਸੈਂਟਰ ਹੈੱਡ ਟੀਚਰ ਸਬੰਧਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੂੰ ਭੇਜਣਗੇ। ਬਲਾਕ ਪੱਧਰ 'ਤੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦੇ ਨਾਮ ਸਬੰਧਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਨੂੰ ਬੀਪੀਈਓ ਵੱਲੋਂ 23 ਦਸੰਬਰ ਤੱਕ ਭੇਜੇ ਜਾਣਗੇ।ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਪਹਿਲੇ ਤਿੰਨ ਸਥਾਨ ਨਿਰਧਾਰਿਤ ਕਰਕੇ ਉਹਨਾਂ ਦੇ ਨਾਮ ਮੁੱਖ ਦਫ਼ਤਰ ਨੂੰ 24 ਦਸੰਬਰ ਤੱਕ ਭੇਜੇ ਜਾਣਗੇ। ਇਸ ਮੁਕਾਬਲੇ ਦੇ 30 ਅੰਕ ਹੋਣਗੇ। ਡੀ.ਈ.ਓ. (ਐਲੀ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਮੁਕਾਬਲੇ ਲਈ ਲਿਖੀ ਜਾਣ ਵਾਲੀ ਸ਼ੀਟ 22 ਦਸੰਬਰ ਨੂੰ ਅਧਿਆਪਕਾਂ ਨਾਲ ਸਾਂਝੀ ਕੀਤੀ ਜਾਵੇਗੀ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਅਧਿਆਪਕ ਦੁਆਰਾ ਕੀਤੀ ਗਈ ਅੱਖਰਕਾਰੀ ਦੀ ਸ਼ੀਟ ਨਿਰਧਾਰਿਤ ਗੁੂਗਲ ਫਾਰਮ ਰਾਹੀਂ ਦਿੱਤੇ ਗਏ ਸਮੇਂ ਦੇ ਅੰਦਰ-ਅੰਦਰ ਅਪਲੋਡ ਕਰਨੀ ਯਕੀਨੀ ਬਣਾਈ ਜਾਵੇਗੀ। ਹਰੇਕ ਕਲੱਸਟਰ ਪੱਧਰ ਦੀਆਂ ਪਹਿਲੀਆਂ ਤਿੰਨ ਪੋਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵੱਲੋਂ, ਹਰੇਕ ਬਲਾਕ ਪੱਧਰ 'ਤੇ ਪਹਿਲੀਆਂ ਤਿੰਨ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਵੱਲੋਂ ਅਤੇ ਹਰੇਕ ਜ਼ਿਲ੍ਹੇ ਦੀਆਂ ਤਿੰਨ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਸਟੇਟ ਵੱਲੋਂ ਪ੍ਰਸ਼ੰਸਾ ਪੱਤਰ ਜਾਰੀ ਕੀਤੇ ਜਾਣਗੇ।ਜ਼ਿਕਰਯੋਗ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਸੱਤ ਦਿਨਾਂ ਅੱਖਰਕਾਰੀ ਸਿਖਾਉਣ ਦੀ ਵਰਕਸ਼ਾਪ ਇਸੇ ਮਹੀਨੇ ਲਗਾਈ ਗਈ ਸੀ ਜਿਸ ਵਿੱਚ ਅਧਿਆਪਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਸੀ ਅਤੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਸੀ। ਡੀ.ਈ.ਓ. (ਐਲੀ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਦੀ ਜੱਜਮੈਂਟ ਲਈ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਕੁਝ ਮਾਪਦੰਡ ਵੀ ਨਿਰਧਾਰਿਤ ਕੀਤੇ ਗਏ ਹਨ ਜਿਸ ਵਿੱਚ ਪੈਰ੍ਹੇ ਨੂੰ ਸਾਫ਼ ਅਤੇ ਸੁੰਦਰ ਲਿਖਣ ਦੇ 4 ਅੰਕ, ਲਿਖਾਈ ਵਿੱਚ ਸ਼ਬਦ ਜੋੜਾਂ ਦੀ ਸ਼ੁੱਧਤਾ, ਪੜ੍ਹਣਯੋਗ, ਬਿਨਾਂ ਕਟਿੰਗ, ਬਿਨਾਂ ਗਲਤੀ, ਅੱਖਰਾਂ ਅਤੇ ਲਗਾਂ ਮਾਤਰਾਵਾਂ ਦੀ ਠੀਕ ਬਣਾਵਟ ਦੇ 8 ਅੰਕ, ਮੌਲਿਕਤਾ, ਅੱਖਰਾਂ ਅਤੇ ਲਗਾਂ ਦੀ ਇਕਸਾਰਤਾ ਦੇ 7 ਅੰਕ, ਲਿਖਾਈ ਦੀ ਇਕਸਾਰਤਾ, ਅੱਖਰਾਂ ਅਤੇ ਸ਼ਬਦਾਂ ਵਿੱਚ ਆਪਸੀ ਫ਼ਾਸਲਾ, ਸ਼ੀਟ ਉੱਤੇ ਲਿਖੇ ਅੱਖਰਾਂ ਵਿੱਚ ਫ਼ਾਸਲੇ ਦੀ ਇਕਸਾਰਤਾ ਦੇ 7 ਅੰਕ ਅਤੇ ਸਮੁੱਚੇ ਪ੍ਰਭਾਵ ਦੇ 4 ਅੰਕ ਹੋਣਗੇ।