ਕਿਰਤੀ ਕਿਸਾਨ ਯੂਨੀਅਨ ਨੇ ਧਰਨਾ ਸਥਾਨ 'ਤੇ ਮਨਾਇਆ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ

ਗੁਰਦੀਪ ਸਿੰਘ ਉੜਾਪੜ ਨੇ ਢਾਡੀ ਵਾਰਾਂ ਰਾਹੀਂ ਦਿੱਤੀ ਸ਼ਰਧਾਂਜਲੀ

ਨਵਾਂਸ਼ਹਿਰ 30 ਦਸੰਬਰ (ਐਨ ਟੀ) ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਰਿਲਾਇੰਸ ਦੇ ਸਟੋਰ ਅੱਗੇ ਨਵਾਂਸ਼ਹਿਰ ਵਿਖੇ ਚੱਲਦੇ ਧਰਨੇ ਵਾਲੇ ਸਥਾਨ ਉੱਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ । ਇਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਮਾਸਟਰ ਭੁਪਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ, ਮੱਖਣ ਸਿੰਘ ਭਾਨਮਜਾਰਾ, ਜਸਵੀਰ ਸਿੰਘ ਮੰਗੂਵਾਲ , ਗੁਰਬਖਸ਼ ਕੌਰ ਸੰਘਾ, ਸਿਮਰਨਜੀਤ ਕੌਰ ਸਿੰਮੀ ,ਪਰਮਜੀਤ ਸਿੰਘ ਸ਼ਹਾਬਪੁਰ, ਪਾਖਰ ਸਿੰਘ ਅਸਮਾਨ ਪੁਰ, ਜਰਨੈਲ ਸਿੰਘ ਖਾਲਸਾ ਨਵਾਂਸ਼ਹਿਰ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਆਖਿਆ ਕਿ ਸਾਹਿਬਜਾਦਿਆਂ ਦੀ ਕੁਰਬਾਨੀ ਹਾਕਮਾਂ ਦੇ ਜਬਰ ਵਿਰੁੱਧ ਲਾਸਾਨੀ ਕੁਰਬਾਨੀ ਹੈ ਜੋ ਅੱਜ ਦੇ ਔਰੰਗਜੇਬਾਂ ਅਤੇ ਬਜੀਦਿਆਂ ਵਿਰੁੱਧ ਲੜਨ ਲਈ ਸ਼ਕਤੀ ਅਤੇ ਹੌਸਲਾ ਬਖਸ਼ਦੀ ਹੈ ।ਉਹਨਾਂ ਕਿਹਾ ਕਿ ਅੱਜ ਕਿਸਾਨੀ ਵਲੋਂ ਲੜੀ ਜਾ ਰਹੀ ਲੜਾਈ ਹਕੂਮਤੀ ਧੱਕੇ ਅਤੇ ਜਬਰ ਵਿਰੁੱਧ ਹੱਕੀ ਲੜਾਈ ਹੈ ਜਿਸਨੂੰ ਕਿਸਾਨ ਲਾਜਮੀ ਜਿੱਤਣਗੇ ।ਇਸ ਮੌਕੇ ਗੁਰਦੀਪ ਸਿੰਘ ਉੜਾਪੜ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਰਾਹੀਂ  ਸਾਹਬਜਾਦਿਆਂ ਨੂੰ ਸ਼ਰਧਾਲੂਆਂ ਭੇਂਟ ਕੀਤੀਆਂ ।ਧਰਮਿੰਦਰ ਸਿੰਘ ਸਜਾਵਲ ਕਮਲਜੀਤ ਕੌਰ ਮਹਿਮੂਦ ਪੁਰ,ਰਣਜੀਤ ਕੌਰ ਮਹਿਮੂਦ ਪੁਰ ਨੇ ਕਵਿਤਾਵਾਂ ਪੇਸ਼ ਕੀਤੀਆਂ। ਬਲਵੀਰ ਸਿੰਘ ਪੰਚ ਖਟਕੜ ਕਲਾਂ ਨੇ ਕਿਹਾ ਕਿ ਉਹ ਟੈਂਪੂ ਟਰੈਵਲਰ ਵਿਚ ਲੋਕਾਂ ਨੂੰ ਦਿੱਲੀ ਮੋਰਚੇ ਵਿਚ ਫਰੀ ਸੇਵਾ ਨਾਲ ਲਿਜਾ ਕੇ ਇਕ ਹਫਤਾ ਉੱਥੇ ਹੀ ਰਿਹਾ ਕਰਨਗੇ ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਸਾਨੀ ਮੋਰਚਾ ਚੱਲੇਗਾ । ਐਨ. ਆਰ.ਆਈ ਗੋਗੀ ਗੋਲੇਵਾਲੀਆ ਨੇ ਕਿਹਾ ਕਿ ਦਿੱਲੀ ਜਾਣ ਵਾਲੀਆਂ ਟਰੈਕਟਰ ਟਰਾਲੀਆਂ ਲਈ ਆਰ.ਜੀ ਫਿਲਿੰਗ ਸਟੇਸ਼ਨ ਚੰਡੀਗੜ੍ਹ ਰੋਡ ਨਵਾਂਸ਼ਹਿਰ ਤੋਂ ਮੁਫਤ ਡੀਜ਼ਲ ਪਾਇਆ ਜਾ ਰਿਹਾ ਹੈ । ਇਹ ਮੁਫਤ ਸੇਵਾ ਆਰ.ਕੇ.ਆਰੀਆ ਕਾਲਜ ਨਵਾਂਸ਼ਹਿਰ ਦੇ ਸਾਬਕਾ ਵਿਦਿਆਰਥੀ ਐਨ. ਆਰ.ਆਈ  ਭਰਾ ਕਰ ਰਹੇ ਹਨ । ਅਰਦਾਸ ਉਪਰੰਤ ਲੰਗਰ ਅਤੁੱਟ ਵਰਤਿਆ ।